ਨਸ਼ੇ ਦੇ ਵਪਾਰੀ ਕਿਸੇ ਵੀ ਪਾਰਟੀ ਦੇ ਹੋਣ ਬਖਸ਼ੇ ਨਹੀਂ ਜਾਣਗੇ- ਜੌੜਾਮਾਜਰਾ
ਮੁਹੱਲਾ ਕਲੀਨਿਕਾਂ ਨੇ ਹੁਣ ਤੱਕ 40 ਲੱਖ ਮਰੀਜਾਂ ਦਾ ਇਲਾਜ ਕੀਤਾ, ਰਵਾਇਤੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਅਪਨਾਉ-ਖੇਤੀ ਮੰਤਰੀ
ਅੰਮ੍ਰਿਤਸਰ, 6 ਅਗਸਤ (ਮਨਪ੍ਰੀਤ ਸਿੰਘ ਅਰੋੜਾ)-ਅਦਾਕਾਰਾ ਤੇ ਗਾਇਕੀ ਸੋਨੀਆ ਮਾਨ ਵੱਲੋਂ ਮਾਈ ਭਾਗੋ ਚੈਰਿਟੀ ਸੰਸਥਾ ਦੇ ਸਹਿਯੋਗ ਨਾਲ ਰਾਜਾਸਾਂਸੀ ਦਾਣਾ ਮੰਡੀ ਵਿਚ ਲੋਕਾਂ ਦੀ ਸਿਹਤ ਅਤੇ ਜਾਗਰੂਕਤਾ ਸਬੰਧੀ ਲੋੜਾਂ ਦੀ ਪੂਰਤੀ ਲਈ ਲਗਾਏ ਗਏ ਗੁਰੂ ਰਾਮ ਦਾਸ ਜੀ ਕਿਸਾਨ ਮਜਦੂਰ ਸਿਹਤ ਮੇਲੇ ਨੂੰ ਸੰਬੋਧਨ ਕਰਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਸਰਕਾਰ ਦਾ ਸਟੈਂਡ ਸਪੱਸ਼ਟ ਕਰਦੇ ਕਿਹਾ ਕਿ ਪੰਜਾਬ ਵਿਚ ਨਸ਼ੇ ਵੇਚਣ ਵਾਲਾ ਦੋਸ਼ੀ ਚਾਹੇ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ, ਬਖਸ਼ਿਆ ਨਹੀਂ ਜਾਵੇਗਾ ਅਤੇ ਨਸ਼ੇ ਦਾ ਖਾਤਮਾ ਸਾਡੀ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨਾਂ ਅਦਾਕਾਰਾ ਸੋਨੀਆ ਮਾਨ ਵੱਲੋਂ ਸਿਹਤ ਤੇ ਜਾਗਰੂਕਤਾ ਲਈ ਲਗਾਏ ਗਏ ਇਸ ਮੇਲੇ ਦੀ ਸਿਫ਼ਤ ਕਰਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਤੁਸੀਂ ਨਸ਼ੇ ਦੇ ਖਾਤਮੇ ਲਈ ਸਰਕਾਰ ਦਾ ਸਾਥ ਦਿਉ ਤਾਂ ਇਹ ਕੰਮ ਸੰਭਵ ਹੋ ਸਕਦਾ ਹੈ। ਉਨਾਂ ਕਿਹਾ ਕਿ ਨਸ਼ਾ ਪੰਜਾਬ ਵਿਚ ਤਾਂ ਉਗਦਾ ਨਹੀਂ, ਇਹ ਸਰਹੱਦ ਪਾਰ ਤੋਂ ਕੀਤੀ ਜਾ ਰਹੀ ਸ਼ਰਾਰਤ ਹੈ, ਜਿਸ ਨੂੰ ਰੋਕਣ ਲਈ ਕੇਂਦਰ ਸਰਕਾਰ ਨੂੰ ਉਚ ਤਕਨੀਕ ਦਾ ਸਹਾਰਾ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਅਸੀਂ ਨਸ਼ਾ ਪੀੜਤ ਨੌਜਵਾਨਾਂ ਦਾ ਇਲਾਜ ਕਰਵਾ ਸਕਦੇ ਹਾਂ, ਉਨਾਂ ਨੂੰ ਕੰਮ ਸਿਖਾ ਕੇ ਕੰਮ ਉਤੇ ਲਗਾ ਸਕਦੇ ਹਾਂ, ਪਰ ਇਸ ਲਈ ਉਨਾਂ ਦੇ ਮਾਂ-ਬਾਪ ਨੂੰ ਖ਼ੁਦ ਅੱਗੇ ਆਉਣਾ ਪਵੇਗਾ। ਉਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਰਵਾਇਤੀ ਫਸਲਾਂ ਤੋਂ ਅੱਗੇ ਵੱਧ ਕੇ ਵਿਭੰਨਤਾ ਦੀ ਖੇਤੀ ਲਈ ਬਾਗਬਾਨੀ ਵੱਲ ਆਉਣ, ਜਿਸ ਨਾਲ ਆਮਦਨ ਵੀ ਵਧੇਗੀ ਤੇ ਉਨਾਂ ਦੇ ਧੀਆਂ-ਪੁੱਤਰਾਂ ਨੂੰ ਘਰ ਵਿਚ ਹੀ ਰੋਜ਼ਗਾਰ ਵੀ ਮਿਲੇਗਾ।
ਇਸ ਮੌਕੇ ਸੰਬੋਧਨ ਕਰਦੇ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਨੇ ਪੰਜਾਬ ਦੀ ਵਿਗੜ ਰਹੀ ਸਿਹਤ, ਆਬੋ-ਹਵਾ ਅਤੇ ਗੰਦਲੇ ਹੋ ਰਹੇ ਪਾਣੀ ਉਤੇ ਚਿੰਤਾ ਪ੍ਰਗਟ ਕਰਦੇ ਇੰਨਾ ਸਾਧਨਾਂ ਦੀ ਬਹਾਲੀ ਲਈ ਕੰਮ ਕਰ ਰਹੀਆਂ ਸੰਸਥਾਵਾਂ ਤੇ ਵਿਦੇਸ਼ੀ ਵੀਰਾਂ ਦਾ ਧੰਨਵਾਦ ਕਰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੀਤੀ ਛੋਟੀ ਜਿਹੀ ਕੋਸ਼ਿਸ਼, ਜੋ ਕਿ ਮੁਹੱਲਾ ਕਲੀਨਿਕ ਦੇ ਰੂਪ ਵਿਚ ਹੈ, ਵਿਚ ਬੀਤੇ 7-8 ਮਹੀਨਿਆਂ ਦੌਰਾਨ 40 ਲੱਖ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਉਨਾਂ ਦੱਸਿਆ ਕਿ 75 ਨਵੇਂ ਆਮਦ ਆਦਮੀ ਕਲੀਨਿਕ ਇਸੇ ਮਹੀਨੇ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਇਨਾਂ ਤੋਂ ਬਾਅਦ ਸਾਡੀ ਤਰਜੀਹ ਸਿਵਲ, ਕਮਿੳਨਟੀ ਤੇ ਮੈਡੀਕਲ ਕਾਲਜਾਂ ਦਾ ਸੁਧਾਰ ਕਰਨ ਦੀ ਹੈ, ਜਿਸ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਉਨਾਂ ਲੋਕਾਂ ਨੂੰ ਫੈਕਟਰੀ ਵਿਚ ਤਿਆਰ ਹੁੰਦੇ ਤੇ ਪਲਾਸਟਿਕ ਬੋਤਲਾਂ, ਲਿਫਾਫਿਆਂ ਵਿਚ ਵਿਕਦੇ ਖਾਣੇ ਛੱਡ ਕੇ ਕਿਸਾਨ ਵੱਲੋਂ ਪੈਦਾ ਕੀਤੇ ਤੇ ਕੁਦਰਤ ਵੱਲੋਂ ਬਖਸ਼ੇ ਖਾਣੇ ਖਾਣ ਦਾ ਸੱਦਾ ਦਿੰਦੇ ਕਿਹਾ ਕਿ ਜੋ ਵਿਅਕਤੀ ਕਿਸਾਨ ਵੱਲੋਂ ਉਗਾਏ ਤੇ ਮਾਂ ਵੱਲੋਂ ਬਣਾਏ ਖਾਣੇ ਦੀ ਵਰਤੋਂ ਕਰਦਾ ਹੈ, ਉਹ ਕਦੇ ਬਿਮਾਰ ਨਹੀਂ ਹੋ ਸਕਦਾ।
ਇਸ ਮੌਕੇ ਸੰਬੋਧਨ ਕਰਦੇ ਖੇਤੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨ ਦੀ ਆਮਦਨ ਵਧਾਉਣ ਲਈ ਯੋਗ ਉਪਰਾਲੇ ਕਰ ਰਹੀ ਹੈ, ਪਰ ਉਸ ਲਈ ਕਿਸਾਨਾਂ ਨੂੰ ਅੱਗੇ ਆਉਣਾ ਪਵੇਗਾ। ਉਨਾਂ ਕਿਹਾ ਕਿ ਕਣਕ-ਝੋਨਾ ਦੀਆਂ ਫਸਲਾਂ ਨੂੰ ਛੱਡ ਕੇ ਸਹਾਇਕ ਧੰਦੇ ਅਪਨਾਉ ਤਾਂ ਜੋ ਕੰਮ ਕਰਨ ਦਾ ਮੌਕਾ ਸਾਡੇ ਜਵਾਨਾਂ ਨੂੰ ਮਿਲੇ ਤੇ ਆਮਦਨ ਦੇ ਸਾਧਨ ਪੈਦਾ ਹੋਣ। ਉਨਾਂ ਕਿਹਾ ਕਿ ਚੰਗੀ ਸਿਹਤ ਲਈ ਰੋਜ਼ਾਨਾ ਇਕ ਘੰਟਾ ਕੰਮ ਕਰਨਾ ਜਾਂ ਇਕ ਘੰਟਾ ਕਸਰਤ, ਯੋਗਾ ਕਰਨਾ ਬੇਹੱਦ ਜਰੂਰੀ ਹੈ ਅਤੇ ਕਿਸਾਨ ਇਕ ਘੰਟਾ ਰੋਜ਼ਾਨਾ ਆਪਣੇ ਘਰ ਵਿਚ ਕੰਮ ਕਰਕੇ ਕੋਈ ਨਾ ਕੋਈ ਨਵਾਂ ਰੋਜ਼ਗਾਰ ਦਾ ਵਸੀਲਾ ਪੈਦਾ ਕਰ ਸਕਦਾ ਹੈ, ਜਿਸ ਲਈ ਅਸੀਂ ਉਸਦਾ ਡਟਵਾਂ ਸਾਥ ਦਿਆਂਗੇ। ਰਾਜ ਸਭਾ ਮੈਂਬਰ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੇ ਉਨਾਂ ਦੀ ਸੰਸਥਾ ਸਨ ਫਾਊਡੇਸ਼ਨ ਵੱਲੋਂ ਹੁਨਰ ਵਿਕਾਸ ਤੇ ਰੋਜ਼ਗਾਰ ਪ੍ਰਾਪਤੀ ਲਈ ਕੀਤੇ ਜਾ ਰਹੇ ਵਸੀਲਿਆਂ ਦਾ ਜਿਕਰ ਕਰਦੇ ਐਲਾਨ ਕੀਤਾ ਕਿ ਉਹ ਪੰਜਾਬ ਵਿਚ 20 ਨਵੇਂ ਸਕਿਲ ਡਿਵਲਪਮੈਂਟ ਸੈਂਟਰ ਸ਼ੁਰੂ ਕਰਕੇ ਹਰੇਕ ਨੌਜਵਾਨ ਨੂੰ ਕੰਮ ਕਰਨ ਦਾ ਹੁਨਰ ਸਿਖਾਉਣਗੇ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਮਾਰਕੀਟ ਦੀਆਂ ਲੋੜਾਂ ਅਨੁਸਾਰ ਬੱਚਿਆਂ ਨੂੰ ਸਿੱਖਿਆ ਦੇਣ ਦੀ ਹੈ, ਤਾਂ ਜੋ ਉਹ ਕੰਮ ਲੱਭਣ ਨਾ ਜਾਣ, ਬਲਕਿ ਕੰਮ ਉਨਾਂ ਨੂੰ ਅਵਾਜ਼ ਮਾਰੇ। ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਅਦਾਕਾਰ ਸੋਨੀਆ ਮਾਨ ਵੱਲੋਂ ਸਿਹਤ ਮੇਲੇ ਦੀ ਇਸ ਕੀਤੀ ਸਫਲ ਕੋਸ਼ਿਸ਼ ਦੀ ਸਰਾਹਨਾ ਕਰਦੇ ਕਿਹਾ ਕਿ ਜਿਸ ਤਰਾਂ ਸੋਨੀਆ ਮਾਨ ਨੇ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਸ਼ੁਰੂ ਕੀਤ ਹੈ, ਜੇਕਰ ਉਸ ਤਰਾਂ ਸਾਰੀਆਂ ਪੰਚਾਇਤਾਂ ਤੇ ਪਿੰਡਾਂ ਦੇ ਮੋਹਤਬਰ ਸਾਡਾ ਸਾਥ ਦੇਣ ਤਾਂ ਅਸੀਂ ਦਿਨਾਂ ਵਿਚ ਆਪਣੇ ਜਿਲ੍ਹੇ ਨੂੰ ਨਸ਼ੇ ਤੋਂ ਮੁਕਤ ਕਰ ਸਕਦੇ ਹਾਂ। ਵਰਲਡ ਕੈਂਸਰ ਕੇਅਰ ਦੇ ਮੁਖੀ ਸ੍ਰੀ ਕੁਲਵੰਤ ਧਾਲੀਵਾਲ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਜਿਕਰ ਕਰਦੇ ਐਲਾਨ ਕੀਤਾ ਕਿ ਅਸੀਂ ਅਗਲੇ ਕੁੱਝ ਦਿਨਾਂ ਤੱਕ ਅੱਖਾਂ ਦੀ ਜਾਂਚ ਤੇ ਇਲਾਜ ਲਈ ਪੰਜਾਬ ਭਰ ਵਿਚ ਜਾਂਚ ਕੈਂਪ ਲਗਾ ਕੇ ਇਕ ਲੱਖ ਲੋੜਵੰਦ ਵਿਅਕਤੀਆਂ ਨੂੰ ਐਨਕਾਂ ਲਗਾਉਣ ਜਾ ਰਹੇ ਹਾਂ। ਉਨਾਂ ਲੋਕਾਂ ਨੂੰ ਸਮਾਜ ਭਲਾਈ ਲਈ ਅੱਗੇ ਆਉਣ ਤੇ ਆਪਣੇ ਦਾਨ ਦੀ ਦਸ਼ਾ ਬਦਲਣ ਦਾ ਸੰਦੇਸ਼ ਦਿੱਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵਿਧਾਇਕ ਸ ਜਸਵਿੰਦਰ ਸਿੰਘ ਰਮਦਾਸ, ਫਿਲਮ ਨਿਰਦੇਸ਼ਕ ਸ੍ਰੀ ਅਮਿਤੋਜ਼ ਮਾਨ, ਅਦਾਕਾਰਾ ਸੋਨੀਆ ਮਾਨ, ਸ੍ਰੀ ਉਮੇਂਦਰ ਦੱਤ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਸਟਾਲ ਲਗਾ ਕੇ ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਗਈ। ਪੈਨਸ਼ਨ ਤੇ ਅਪੰਗਤਾ ਦੇ ਸਰਟੀਫਿਕੇਟ ਜਾਰੀ ਕੀਤੇ ਗਏ।