ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀ ਗਿਰਦਾਵਰੀ ਦਾ ਫ਼ੀਲਡ ‘ਚ ਜਾ ਕੇ ਲਿਆ ਜਾਇਜ਼ਾ
ਖੇਤੀਬਾੜੀ ਵਿਭਾਗ ਵਲੋਂ ਘੱਗਰ ਰਾਹੀਂ ਖੇਤਾਂ ‘ਚ ਆਈ ਮਿੱਟੀ ਦਾ ਸਰਵੇ ਕਰਵਾ ਕੇ ਕੱਢਿਆ ਜਾਵੇਗਾ ਯੋਗ ਹੱਲ : ਸਾਕਸ਼ੀ ਸਾਹਨੀ
-ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ‘ਤੇ ਪੀੜਤਾਂ ਨੂੰ ਫ਼ਸਲਾਂ ਦੇ ਖਰਾਬੇ ਦਾ ਦਿੱਤਾ ਜਾਵੇਗਾ ਜਲਦੀ ਮੁਆਵਜ਼ਾ : ਡਿਪਟੀ ਕਮਿਸ਼ਨਰ
ਪਟਿਆਲਾ/ਰਾਜਪੁਰਾ/ਘਨੌਰ, 2 ਅਗਸਤ(ਮਨਪ੍ਰੀਤ ਸਿੰਘ ਅਰੋੜਾ)ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਜ਼ਿਲ੍ਹੇ ਵਿੱਚ ਹੜ੍ਹਾਂ ਦੌਰਾਨ ਹੋਏ ਫ਼ਸਲਾਂ ਦੇ ਨੁਕਸਾਨ ਲਈ ਚੱਲ ਰਹੀ ਵਿਸ਼ੇਸ਼ ਗਿਰਦਾਵਰੀ ਦਾ ਫ਼ੀਲਡ ਵਿੱਚ ਜਾ ਕੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ, ਐਕਸੀਅਨ ਡਰੇਨੇਜ਼ ਰਜਿੰਦਰ ਘਈ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਤੇ ਘਨੌਰ ਖੇਤਰ ਦੇ ਪਿੰਡਾਂ ਲੋਹ ਸਿੰਬਲੀ, ਜਮੀਤਗੜ੍ਹ ਤੇ ਦੜਵਾ ਸਮੇਤ ਹੋਰਨਾਂ ਪਿੰਡਾਂ ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਖੁਦ ਗਿਰਦਾਵਰੀ ਦੇ ਚੱਲ ਰਹੇ ਕੰਮ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗਾਂ ਵੱਲੋਂ ਗਿਰਦਾਵਰੀ ਦਾ ਕੰਮ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ ਤੇ ਕੰਮ ਮੁਕੰਮਲ ਹੋਣ ਤੋ ਬਾਅਦ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਦਾ ਝੋਨਾ ਖਰਾਬ ਹੋਇਆ ਹੈ, ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ 5 ਅਗਸਤ ਤੋਂ ਬਾਅਦ ਪੀ.ਆਰ 126 ਤੇ ਬਾਸਮਤੀ 1509 ਕਿਸਮ ਦੀ ਮੁਫ਼ਤ ਪਨੀਰੀ ਉਪਲਬੱਧ ਕਰਵਾਈ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗਾਂ ਨਾਲ ਰਾਬਤਾ ਰੱਖਣ ਦੀ ਅਪੀਲ ਕੀਤੀ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਘੱਗਰ ਦੇ ਨਾਲ ਲੱਗਦੇ ਕੁਝ ਖੇਤਰਾਂ ਵਿੱਚ ਘੱਗਰ ਰਾਹੀਂ ਮਿੱਟੀ ਵੀ ਖੇਤਾਂ ਵਿੱਚ ਆ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਬੀਜਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਅਜਿਹੀਆਂ ਜ਼ਮੀਨਾਂ ਦਾ ਸਰਵੇ ਕੀਤਾ ਜਾ ਰਿਹਾ ਹੈ, ਤਾਂ ਜੋ ਇਸ ਦਾ ਸਥਾਈ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਆਦੇਸ਼ ਹਨ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਵੱਧ ਤੋਂ ਵੱਧ ਭਰਪਾਈ ਕੀਤੀ ਜਾਵੇ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਜੰਗੀ ਪੱਧਰ ‘ਤੇ ਗਿਰਦਾਵਰੀ ਦਾ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਰਿਪੋਰਟ ਜਲਦੀ ਤੋਂ ਜਲਦੀ ਸਰਕਾਰ ਨੂੰ ਭੇਜੀ ਜਾ ਸਕੇ।
ਪਿੰਡਾਂ ਵਿੱਚ ਗਿਰਦਾਵਰੀ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਤੁਹਾਡੀ ਹਰ ਸੰਭਵ ਮਦਦ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਲੋਕਾਂ ਵੱਲੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕੀਤਾ ਗਿਆ ਹੈ ਤੇ ਪ੍ਰਸ਼ਾਸਨ ਵੱਲੋਂ ਵੀ ਪੀੜਤਾਂ ਦੀ ਮਦਦ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ।