ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਵੱਖ-ਵੱਖ ਪਾਬੰਦੀ ਹੁਕਮ ਜਾਰੀ
– ਪੰਜ ਜਾਂ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਮਨਾਹੀ
– ਹੋਟਲ/ਧਰਮਸ਼ਾਲਾ/ਸਰਾਂ/ਗੈਸਟ ਹਾਊਸ/ਪੀ.ਜੀ/ਪੈਲੇਸ ਦੀ ਰਜਿਸਟਰੇਸ਼ਨ ਕਰਾਉਣਾ ਲਾਜ਼ਮੀ, ਠਹਿਰਨ ਵਾਲਿਆਂ ਦਾ ਮੁਕੰਮਲ ਰਿਕਾਰਡ ਰੱਖਣਾ ਵੀ ਅਤਿ ਜ਼ਰੂਰੀ
ਲੁਧਿਆਣਾ, 14 ਅਗਸਤ (ਮਨਪ੍ਰੀਤ ਸਿੰਘ ਅਰੋੜਾ) ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ, ਲੁਧਿਆਣਾ ਰੁਪਿੰਦਰ ਸਿੰਘ, ਪੀ.ਪੀ.ਐਸ. ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਸੌਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਏ ਅੰਦਰ ਵੱਖ-ਵੱਖ ਪਾਬੰਦੀ ਹੁਕਮ ਜਾਰੀ ਕੀਤੇ ਹਨ।
ਡਿਪਟੀ ਕਮਿਸ਼ਨਰ ਪੁਲਿਸ ਦੇ ਧਿਆਨ ਵਿੱਚ ਆਇਆ ਹੈ ਕਿ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਆਮ ਜਨਤਾ ਵੱਲੋਂ ਆਪਣੇ ਨਿੱਜੀ ਹੱਕਾਂ ਲਈ ਸਰਕਾਰ ਦੇ ਵਿਰੋਧ ਵਿੱਚ ਰੋਸ ਮੁਜ਼ਾਹਰੇ, ਧਰਨੇ, ਰੈਲੀਆਂ ਆਦਿ ਕੀਤੀਆਂ ਜਾਂਦੀਆਂ ਹਨ। ਅਜਿਹੇ ਰੋਸ ਮੁਜਾਹਰੇ, ਧਰਨੇ, ਰੈਲੀਆਂ ਆਦਿ ਵਿੱਚ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਮੌਕੇ ਦਾ ਫਾਇਦਾ ਚੁੱਕ ਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਇਸ ਲਈ ਪਬਲਿਕ ਹਿੱਤ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ, ਰੋਸ ਮੁਜਾਹਰੇ, ਧਰਨੇ, ਜਲੂਸ ਵਗੈਰਾ ‘ਤੇ ਪੂਰਨ ਤੌਰ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਜਾਣ ਦੀ ਜ਼ਰੂਰਤ ਹੈ।
ਸਿਵਲ ਰਿੱਟ ਪਟੀਸ਼ਨ ਨੰਬਰ 28061 ਆਫ 2017 ਵਿੱਚ ਮਾਨਯੋਗ ਅਦਾਲਤ ਵੱਲੋਂ ਜਾਰੀ ਹੁਕਮਾਂ ਅਨੁਸਾਰ ਰੋਸ ਮੁਜ਼ਾਹਰੇ/ਰੈਲੀਆਂ/ਧਰਨੇ/ਜਲੂਸ ਆਦਿ ਲਈ ਸੈਕਟਰ 39-ਏ, ਪੁੱਡਾ ਗਰਾਊਂਡ, ਸਾਹਮਣੇ ਵਰਧਮਾਨ ਮਿੱਲ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਮੁਕੱਰਰ ਕੀਤੀ ਗਈ ਹੈ। ਪਰ ਇਸ ਜਗ੍ਹਾ ‘ਤੇ ਵੀ ਜਲਨਸ਼ੀਲ ਪਦਾਰਥ, ਅਸਲਾ ਅਤੇ ਮਾਰੂ ਹਥਿਆਰ ਆਦਿ ਲੈਕੇ ਚੱਲਣ ‘ਤੇ ਪੂਰਨ ਤੌਰ ‘ਤੇ ਮਨਾਹੀ ਕੀਤੀ ਜਾਂਦੀ ਹੈ।
ਉਨ੍ਹਾਂ ਪਬਲਿਕ ਹਿੱਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਆ ਵਿੱਚ ਪੰਜ ਜਾਂ ਪੰਜ ਤੋਂ ਵੱਧ ਬੰਦੇ ਇਕੱਤਰ ਹੋਣ, ਧਰਨੇ/ਜਲੂਸ/ਰੈਲੀਆਂ ਵਿੱਚ ਜਲਨਸ਼ੀਲ ਪਦਾਰਥ, ਅਸਲਾ ਅਤੇ ਮਾਰੂ ਹਥਿਆਰ ਆਦਿ ਲੈ ਕੇ ਚੱਲਣ ਅਤੇ ਉਪਰੋਕਤ ਮੁਕੱਰਰ ਕੀਤੀ ਗਈ ਜਗ੍ਹਾ ਤੋਂ ਇਲਾਵਾ ਬਿਨ੍ਹਾਂ ਮੰਨਜੂਰੀ ਰੋਸ ਮੁਜਾਹਰੇ/ਧਰਨੇ/ਜਲੂਸ/ਰੈਲੀਆਂ ਆਦਿ ਕਰਨ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।
ਡਿਪਟੀ ਕਮਿਸ਼ਨਰ ਪੁਲਿਸ ਦੇ ਧਿਆਨ ਵਿੱਚ ਆਇਆ ਹੈ ਕਿ ਲੁਧਿਆਣਾ ਪੰਜਾਬ ਦਾ ਸਨਅਤੀ ਸ਼ਹਿਰ ਹੋਣ ਕਾਰਨ ਵਪਾਰੀ ਵਰਗ ਦਾ ਵਪਾਰ ਸਬੰਧੀ ਵੱਡੀ ਮਾਤਰਾ ਵਿੱਚ ਲੁਧਿਆਣਾ ਵਿਖੇ ਆਉਣਾ ਜਾਣਾ ਬਣਿਆ ਰਹਿੰਦਾ ਹੈ ਅਤੇ ਰਾਤ ਦੇ ਸਮੇਂ ਲੇਟ ਹੋਣ ਦੀ ਸੂਰਤ ਵਿੱਚ ਇਹ ਲੋਕ ਸ਼ਹਿਰ ਅੰਦਰ ਬਣੇ ਹੋਟਲਾਂ/ਧਰਮਸ਼ਾਲਾ/ਸਰਾਂ/ਗੈਸਟ ਹਾਊਸ/ਪੀ.ਜੀ., ਪੈਲੇਸ, ਓਯੋ ਰੂਮਜ, ਪੈਲੇਸ ਆਦਿ ਵਿੱਚ ਠਹਿਰਦੇ ਹਨ। ਇਨ੍ਹਾਂ ਪ੍ਰਬੰਧਕਾਂ/ਮਾਲਕਾਂ ਵਲੋਂ ਹੋਟਲ/ਧਰਮਸ਼ਾਲਾ/ਸਰਾਂ/ਗੈਸਟ ਹਾਊਸ/ਪੀ.ਜੀ. ਅਤੇ ਪੈਲੇਸ ਦੀ ਕਾਨੂੰਨ ਅਨੁਸਾਰ ਰਜਿਸਟਰੇਸ਼ਨ ਨਹੀਂ ਕਰਵਾਈ ਜਾਂਦੀ ਅਤੇ ਨਾ ਹੀ ਠਹਿਰਨ ਵਾਲਿਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ। ਜਿਸ ਕਾਰਨ ਇਨ੍ਹਾਂ ਥਾਵਾਂ ਵਿੱਚ ਠਹਿਰਨ ਵਾਲੇ ਯਾਤਰੀ/ਵਪਾਰੀਆਂ ਨੂੰ ਜਾਨ ਮਾਲ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਆਮ ਪਬਲਿਕ ਹਿੱਤ ਵਿੱਚ ਸਮੂਹ ਹੋਟਲ/ਧਰਮਸ਼ਾਲਾ/ਸਰਾਂ/ਗੈਸਟ ਹਾਊਸ/ਪੀ.ਜੀ/ਪੈਲੇਸ ਅਤੇ ਨਵੇਂ ਤਿਆਰ ਕੀਤੇ ਜਾ ਰਹੇ ਹੋਟਲ/ਧਰਮਸ਼ਾਲਾ/ਸਰਾਂ/ਗੈਸਟ ਹਾਊਸ/ਪੀ.ਜੀ/ਪੈਲੇਸ ਦੀ ਰਜਿਸਟਰੇਸ਼ਨ ਕਰਾਉਣਾ ਅਤੇ ਇਨ੍ਹਾਂ ਵਿੱਚ ਠਹਿਰਨ ਵਾਲਿਆਂ ਦਾ ਪਬਲਿਕ ਹਿੱਤ ਵਿੱਚ ਰਿਕਾਰਡ ਰੱਖਣਾ ਅਤਿ ਜ਼ਰੂਰੀ ਹੈ।
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਆਮ ਜਨਤਾ ਦੀ ਜਾਨ ਮਾਲ ਦੀ ਰਾਖੀ ਨੂੰ ਮੁੱਖ ਰੱਖਦੇ ਹੋਏ ਇਲਾਕੇ ਅੰਦਰ ਚੱਲ ਰਹੇ ਅਤੇ ਨਵੇਂ ਤਿਆਰ ਕੀਤੇ ਜਾ ਰਹੇ ਸਮੂਹ ਹੋਟਲ/ਧਰਮਸ਼ਾਲਾ/ਸਰਾਂ/ਗੈਸਟ ਹਾਊਸ/ਪੀ.ਜੀ/ਪੈਲੇਸ ਦੇ ਪ੍ਰਬੰਧਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਸਰਾਏ ਐਕਟ 1867 ਤਹਿਤ ਆਪਣੇ-ਆਪਣੇ ਹੋਟਲ/ਧਰਮਸ਼ਾਲਾ/ਸਰਾਂ/ਗੈਸਟ ਹਾਊਸ/ਪੀ.ਜੀ ਅਤੇ ਪੈਲੇਸ ਦੀ ਰਜਿਸਟਰੇਸ਼ਨ ਕਰਾਉਣਗੇ ਅਤ ਇਨ੍ਹਾਂ ਵਿੱਚ ਠਹਿਰਨ ਵਾਲੇ ਵਿਅਕਤੀਆਂ ਦਾ ਮੁਕੰਮਲ ਰਿਕਾਰਡ ਰੱਖਣਗੇ।
ਇਹ ਹੁਕਮ ਅਗਲੇ 2 ਮਹੀਨੇ ਤੱਕ ਲਾਗੂ ਰਹਿਣਗੇ।