ਅੱਖਾਂ ਦੀ ਲਾਗ ਅੱਗੇ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਵਰਤਣੀਆਂ ਜ਼ਰੂਰੀ
ਆਈ ਫਲੂ ਦੀ ਜਾਗਰੂਕਤਾ ਲਈ ਮਾਤਾ ਕੁਸ਼ੱਲਿਆ ਹਸਪਤਾਲ ਦੀ ਓ.ਪੀ.ਡੀ ਵਿੱਚ ਲਗਾਏ ਪੋਸਟਰ
ਪਟਿਆਲਾ 9 ਅਗਸਤ(ਮਨਪ੍ਰੀਤ ਸਿੰਘ ਅਰੋੜਾ)ਇਸ ਮੌਸਮ ਵਿੱਚ ਆਮ ਤੌਰ ਤੇ ਅੱਖਾਂ ਵਿੱਚ ਇਨਫੈਕਸ਼ਨ ਦੇ ਕੇਸ ਜ਼ਿਆਦਾ ਪਾਏ ਜਾਂਦੇ ਹਨ। ਜਿਸ ਸਬੰਧੀ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਅੱਖਾਂ ਦੀ ਲਾਗ ਤੋਂ ਬਚਣ ਅਤੇ ਇਸ ਦੇ ਫੈਲਾਅ ਨੂੰ ਰੋਕਣ ਦੀ ਜਾਗਰੂਕਤਾ ਲਈ ਮੈਡੀਕਲ ਸੁਪਰਡੈਂਟ ਮਾਤਾ ਕੁਸ਼ੱਲਿਆ ਹਸਪਤਾਲ ਡਾ. ਜਗਪਾਲਇੰਦਰ ਸਿੰਘ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਦੀ ਓ.ਪੀ.ਡੀ ਅਤੇ ਅੱਖਾਂ ਦੀ ਓ.ਪੀ.ਡੀ. ਵਿੱਚ ਪੋਸਟਰ ਲਗਵਾਏ ਗਏ। ਉਹਨਾਂ ਕਿਹਾ ਕਿ ਮਾਤਾ ਕੁਸ਼ੱਲਿਆ ਹਸਪਤਾਲ ਵਿਚ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਮਰੀਜ਼ ਅਤੇ ਉਹਨਾਂ ਦੇ ਅਟੈਨਡੈਂਟ ਇਲਾਜ ਲਈ ਆਉਂਦੇ ਹਨ।ਜਿਨ੍ਹਾਂ ਦਾ ਇਸ ਬਿਮਾਰੀ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਉਹਨਾਂ ਨਾਲ ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ਰਫਜੀਤ ਸਿੰਘ, ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੂਮੀਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ, ਜ਼ਿਲ੍ਹਾ ਬੀ.ਸੀ.ਸੀ ਕੁਆਰਡੀਨੇਟਰ ਜਸਬੀਰ ਕੋਰ ਅਤੇ ਧਰਮਿੰਦਰ ਕੁਮਾਰ ਵੀ ਹਾਜ਼ਰ ਸਨ।
ਮੈਡੀਕਲ ਸੁਪਰਡੈਂਟ ਅਤੇ ਅੱਖਾਂ ਦੇ ਮਾਹਰ ਡਾ. ਜਗਪਾਲਇੰਦਰ ਸਿੰਘ ਨੇ ਕਿਹਾ ਕਿ ਆਈ ਫਲ਼ੂ ਜਿਸ ਨੂੰ ਕਨਜਕਟਿਵਾਈਟਿਸ ਕਿਹਾ ਜਾਂਦਾ ਹੈ ,ਇੱਕ ਤਰਾਂ ਦੀ ਲਾਗ ਦੀ ਬਿਮਾਰੀ ਹੈ ਜੋ ਵਾਇਰਸ ਜਾ ਬੈਕਟੀਰੀਆ ਕਾਰਨ ਹੁੰਦੀ ਹੈ।ਮੌਸਮ ਦੇ ਬਦਲਾਅ ਅਤੇ ਹੜ੍ਹਾਂ ਦੇ ਕਾਰਨ ਇਸ ਬਿਮਾਰੀ ਦੇ ਕੇਸਾਂ ਵਿੱਚ ਵਾਧਾ ਹੋਣ ਲਗਦਾ ਹੈ।ਉਹਨਾਂ ਕਿਹਾ ਕਿ ਅੱਖਾਂ ਦਾ ਲਾਲ ਹੋਣਾ, ਅੱਖਾਂ ਦੀ ਸੋਜ, ਅੱਖਾਂ ਵਿੱਚ ਖੁਜਲੀ, ਜਲਣ ਜਾਂ ਰੜਕ ਹੋਣਾ,ਅੱਖਾਂ ਵਿਚੋਂ ਚਿੱਟਾ ਜਿਹਾ ਪਦਾਰਥ ਨਿਕਲਣਾ ਅਤੇ ਅੱਖਾਂ ਦਾ ਚਿਪਕਣਾ ਆਦਿ ਆਈ ਫਲੂ ਦੇ ਲੱਛਣ ਹਨ। ਉਹਨਾਂ ਕਿਹਾ ਕਿ ਅਜਿਹੇ ਲੱਛਣ ਹੋਣ ਤੇ ਅੱਖਾਂ ਨੂੰ ਰਗੜਿਆ ਨਾ ਜਾਵੇ ਅਤੇ ਅੱਖਾਂ ਨੂੰ ਸਾਫ਼ ਕਰਨ ਲਈ ਸਾਫ਼ ਰੁਮਾਲ ਦੀ ਵਰਤੋਂ ਕੀਤੀ ਜਾਵੇ। ਅੱਖਾਂ ਵਿੱਚ ਆਪਣੀ ਮਰਜ਼ੀ ਨਾਲ ਦਵਾਈ ਪਾਉਣ ਤੋਂ ਪਰਹੇਜ਼ ਕਰਕੇ ਡਾਕਟਰ ਸਲਾਹ ਅਨੁਸਾਰ ਹੀ ਦਵਾਈ ਪਾਈ ਜਾਵੇ। ਉਹਨਾਂ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਆਈ ਫਲੂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ ।
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਆਈ ਫਲੂ ਦੀ ਲਾਗ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸਾਬਣ ਅਤੇ ਪਾਣੀ ਨਾਲ ਹੱਥ ਵਾਰ ਵਾਰ ਧੋਵੋ ਜਾਂ ਸੈਨੇਟਾਈਜ਼ਰ ਦੀ ਵਰਤੋਂ ਕਰੋ।ਅੱਖਾਂ ਨੂੰ ਵਾਰ ਵਾਰ ਨਾ ਛੁਹੋ।ਪ੍ਰਭਾਵਿਤ ਵਿਅਕਤੀ ਦੇ ਤੋਲੀਏ/ ਰੁਮਾਲ/ ਬਿਸਤਰ ਆਦਿ ਦੀ ਵਰਤੋਂ ਨਾ ਕਰੋ।ਭੀੜ ਵਾਲੀਆਂ ਥਾਵਾਂ ਅਤੇ ਤੈਰਾਕੀ ਤੋਂ ਬਚੋ।ਉਹਨਾਂ ਕਿਹਾ ਕਿ ਅੱਖਾਂ ਵਿੱਚ ਧੁੰਦਲਾਪਣ ਮਹਿਸੂਸ ਹੋਵੇ ਜਾਂ ਤਕਲੀਫ਼ ਵੱਧ ਜਾਵੇ ਜਾਂ ਅੱਖਾਂ ਦੇ ਓਪਰੇਸ਼ਨ ਤੋਂ ਬਾਅਦ ਫਲੂ ਹੋ ਜਾਵੇ ਤਾਂ ਤੁਰੰਤ ਅੱਖਾਂ ਦੇ ਮਾਹਰ ਡਾਕਟਰ ਦੀ ਸਲਾਹ ਲਵੋ ।ਉਹਨਾਂ ਕਿਹਾ ਕਿ ਸਭਨਾਂ ਦੇ ਸਹਿਯੋਗ ਨਾਲ ਹੀ ਇਸ ਬਿਮਾਰੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ।