ਫਗਵਾੜਾ ( ਪ੍ਰੀਤੀ ਜੱਗੀ ) ਫਗਵਾੜਾ ਸਬ-ਡਵੀਜਨ ‘ਚ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਅਤੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਵਲੋਂ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਯੋਜਨਾ ਤਹਿਤ ਸਰਕਾਰੀ ਸਕੂਲਾਂ ‘ਚ ਹੋਈਆਂ ਨਵੀਂਆਂ ਉਸਾਰੀਆਂ ਦੇ ਕੀਤੇ ਜਾ ਰਹੇ ਲੋਕਅਰਪਣ ‘ਤੇ ਤਿੱਖਾ ਸਿਆਸੀ ਤੀਰ ਛੱਡਦਿਆਂ ਬਲਾਕ ਕਾਂਗਰਸ ਫਗਵਾੜਾ ਦੇ ਸਪੋਕਸ ਪਰਸਨ ਐਡਵੋਕੇਟ ਜਰਨੈਲ ਸਿੰਘ ਨੇ ਅੱਜ ਭਗਵੰਤ ਮਾਨ ਸਰਕਾਰ ਤੋਂ ਸਵਾਲ ਕੀਤਾ ਹੈ ਕਿ ਸਿੱਖਿਆ ਕ੍ਰਾਂਤੀ ਯੋਜਨਾ ਤਹਿਤ ਹੁਣ ਤੱਕ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਖਜਾਨੇ ਵਿਚੋਂ ਕਿੰਨੀ ਗ੍ਰਾਂਟ ਜਾਰੀ ਕੀਤੀ ਗਈ ਹੈ? ਉਹਨਾਂ ਕਿਹਾ ਕਿ ਪਿੰਡਾਂ ‘ਚ ਸਕੂਲਾਂ ਦੀ ਨੁਹਾਰ ਪ੍ਰਵਾਸੀ ਭਾਰਤੀਆਂ ਵਲੋਂ ਭੇਜੀਆਂ ਜਾ ਰਹੀਆਂ ਗ੍ਰਾਂਟਾਂ ਨਾਲ ਬਦਲੀ ਜਾ ਰਹੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਆਗੂ ਇਸ ਦਾ ਸਿਹਰਾ ਆਪਣੇ ਅਤੇ ਪੰਜਾਬ ਸਰਕਾਰ ਦੇ ਸਿਰ ਸਜਾਈ ਬੈਠੇ ਹਨ। ਉਹਨਾਂ ਮਖੌਲ ਕਰਦਿਆਂ ਖੁਲਾਸਾ ਕੀਤਾ ਕਿ ਕਈ ਸਕੂਲਾਂ ਦੀਆਂ ਇਮਾਰਤਾਂ ਨੂੰ ਬਣੇ ਤਾਂ ਕਾਫੀ ਸਮਾਂ ਗੁਜਰ ਚੁੱਕਾ ਹੈ ਪਰ ਸਰਕਾਰ ਦੋ ਡੱਬੇ ਰੰਗ ਨਾਲ ਲੀਪਾ-ਪੋਤੀ ਕਰਕੇ ਸਮਾਰਟ ਸਕੂਲ ਐਲਾਨੀ ਜਾ ਰਹੀ ਹੈ ਅਤੇ ਆਪ ਆਗੂ ਕੈਂਚੀਆਂ ਤੇ ਫੀਤੇ ਚੁੱਕੀ ਲੋਕਅਰਪਣ ਕਰਨ ਤੁਰੇ ਫਿਰ ਰਹੇ ਹਨ। ਐਡਵੋਕੇਟ ਜਰਨੈਲ ਸਿੰਘ ਨੇ ਦੱਸਿਆ ਕਿ ਅਸਲ ਸੱਚਾਈ ਤਾਂ ਇਹ ਹੈ ਕਿ ਸਰਕਾਰੀ ਸਕੂਲਾਂ ਵਿਚ ਨਾ ਤਾਂ ਸਟਾਫ ਪੂਰਾ ਹੈ ਤੇ ਨਾ ਹੀ ਇਨਫ੍ਰਾਸਟਕਚਰ ਦਾ ਲੋੜੀਂਦਾ ਪ੍ਰਬੰਧ ਹੈ। ਜਿਸ ਕਰਕੇ ਲੋਕ ਆਪਣੇ ਬੱਚਿਆਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ‘ਚ ਪੜ੍ਹਾਉਣ ਲਈ ਮਜਬੂਰ ਹਨ। ਜੇਕਰ ਸਰਕਾਰ ਦੇ ਦਾਅਵੇ ਸੱਚੇ ਹਨ ਤਾਂ ਸਕੂਲ ਟੀਚਰਾਂ ਅਤੇ ਆਪ ਆਗੂਆਂ ਤੇ ਮੰਤਰੀਆਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਕਿਉਂ ਨਹੀਂ ਪੜ੍ਹਾਏ ਜਾ ਰਹੇ। ਉਹਨਾਂ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਫੋਕੀ ਵਾਹਵਾਹੀ ਖੱਟਣ ਲਈ ਸਕੂਲਾਂ ‘ਚ ਖਰਚੀਲੇ ਸਮਾਗਮ ਆਯੋਜਿਤ ਕਰਵਾ ਰਹੇ ਹਨ, ਜਿਸਦਾ ਖਰਚਾ ਵੀ ਸਕੂਲਾਂ ਦੇ ਸਟਾਫ ਅਤੇ ਪੰਚਾਇਤਾਂ ਦੇ ਸਿਰ ਪਾਇਆ ਜਾ ਰਿਹਾ ਹੈ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਤਾੜਨਾ ਕਰਦਿਆਂ ਕਿਹਾ ਕਿ ਇਹੋ ਜਿਹੀਆਂ ਝੂਠੀਆਂ ਸ਼ੋਹਰਤਾਂ ਦੇ ਚੱਕਰ ‘ਚ ਜਿਸ ਤਰ੍ਹਾਂ ਦਿੱਲੀ ਦੀ ਜਨਤਾ ਨੇ ਸਬਕ ਸਿਖਾਇਆ ਹੈ, ਉਸੇ ਤਰ੍ਹਾਂ ਹੁਣ ਪੰਜਾਬ ਦੇ ਲੋਕ ਵੀ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ‘ਆਪ’ ਪਾਰਟੀ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ।