ਫਗਵਾੜਾ 19 ਅਪ੍ਰੈਲ ( ਪ੍ਰੀਤੀ ਜੱਗੀ) ਫਗਵਾੜਾ ਸ਼ਹਿਰ ਵਿੱਚ ਸੜਕਾਂ ‘ਤੇ ਨਾਜਾਇਜ਼ ਕਬਜ਼ਿਆਂ ਕਾਰਨ ਬਾਜ਼ਾਰਾਂ ‘ਚੋਂ ਲੰਘਣਾ ਮੁਸ਼ਕਲ ਹੋਇਆ ਹੈ ਅਤੇ ਲੋਕ ਕਾਫ਼ੀ ਸਮਾਂ ਜਾਮ ਵਿੱਚ ਫਸੇ ਰਹਿੰਦੇ ਹਨ। ਸ਼ੂਗਰ ਮਿੱਲ ਚੌਕ ਤੋਂ ਸਰਾਏ ਰੋਡ ‘ਤੇ ਆਉਂਦਿਆਂ ਵੱਡੀ ਗਿਣਤੀ ਵਿੱਚ ਸੜਕਾਂ ‘ਤੇ ਰੇਹੜੀਆਂ ਲੱਗੀਆਂ ਹੋਣ ਕਾਰਨ ਆਮ ਲੋਕਾਂ ਦਾ ਉੱਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ।ਇਨ੍ਹਾਂ ਨੂੰ ਹਟਾਉਣ ਲਈ ਨਾ ਪ੍ਰਸ਼ਾਸਨ ਤੇ ਨਾ ਹੀ ਪੁਲੀਸ ਪ੍ਰਸ਼ਾਸਨ ਯਤਨ ਕਰ ਰਿਹਾ ਹੈ ਜਿਸ ਤੋਂ ਲੋਕ ਕਾਫ਼ੀ ਔਖੇ ਹਨ।ਦੱਸਣਾ ਬਣਦਾ ਹੈ ਕਿ ਚਾਰ-ਪੰਜ ਸਾਲ ਪਹਿਲਾਂ ਇੱਕ ਥਾਣਾ ਮੁਖੀ ਨੇ ਰੇਹੜੀ ਚਾਲਕ ਦੀ ਟੋਕਰੀ ‘ਚ ਲੱਤ ਮਾਰ ਦਿੱਤੀ ਸੀ ਕਿਉਂਕਿ ਉਹ ਰੇਹੜੀ ਹਟਾ ਕੇ ਗਿਆ ਸੀ ਕੁੱਝ ਸਮਾਂ ਮਗਰੋਂ ਉੱਥੇ ਫਿਰ ਰੇਹੜੀ ਲਾ ਲਈ ਸੀ। ਇਸ ਸਬੰਧੀ ਵੀਡਿਓ ਵਾਇਰਲ ਹੋਣ ਕਰ ਕੇ ਉਸਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਹੁਣ ਕੋਈ ਵੀ ਪੁਲੀਸ ਅਧਿਕਾਰੀ ਇਸ ਸੜਕ ‘ਤੇ ਆਉਣ ਨੂੰ ਤਿਆਰ ਨਹੀਂ। ਇਸੇ ਸੜਕ ‘ਤੇ ਕਈ ਹਲਵਾਈਆਂ ਤੇ ਦੁਕਾਨਦਾਰਾਂ ਨੇ ਸੜਕਾਂ ਦੇ ਕੰਢੇ ਤੱਕ ਸਾਮਾਨ ਰੱਖਿਆ ਹੋਇਆ ਹੈ। ਬਾਜ਼ਾਰਾਂ ‘ਚ ਈ-ਰਿਕਸ਼ਿਆਂ ਕਾਰਨ ਵੀ ਜਾਮ ਲੱਗ ਜਾਂਦਾ ਹੈ।
ਇਸੇ ਤਰ੍ਹਾਂ ਦੀ ਸਥਿਤੀ ਬੰਗਾ ਰੋਡ ‘ਤੇ ਵੀ ਹੈ। ਨਿਗਮ ਵਲੋਂ ਬਣਾਈ ਗਈ ਪਾਰਕ ਦੇ ਬਾਹਰ ਖਾਣ-ਪੀਣ ਦੀਆਂ ਰੇਹੜੀਆਂ ਸੜਕਾਂ ‘ਤੇ ਲੱਗਦੀਆਂ ਹਨ। ਸ਼ਾਮ ਸਮੇਂ ਟਰੈਫਿਕ ਦੀ ਭੀੜ ਹੁੰਦੀ ਹੈ ਤੇ ਲੋਕ ਸੜਕ ਕੰਢੇ ਖੜ੍ਹ ਕੇ ਖਾਣ-ਪੀਣ ਲੱਗ ਜਾਂਦੇ ਹਨ।ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਭਾਜਪਾ ਆਗੂ ਜਤਿੰਦਰ ਸਿੰਘ ਕੁੰਦੀ ਸਨਅਤਕਾਰ ਨੇ ਕਿਹਾ ਕਿ ਲੋਕਾਂ ਲਈ ਇਹ ਬਹੁਤ ਵੱਡੀ ਸਮੱਸਿਆ ਹੈ ਪਰ ਸਰਕਾਰ ਤੇ ਪ੍ਰਸ਼ਾਸਨ ਗੰਭੀਰ ਨਹੀਂ। ਉਨ੍ਹਾਂ ਕਿਹਾ ਕਿ ਜਗ੍ਹਾ ਦੀ ਪਛਾਣ ਕਰਕੇ ਲੋੜ ਅਨੁਸਾਰ ਹੀ ਰੇਹੜੀਆਂ ਖੜ੍ਹੀਆਂ ਕਰਨ ਨੂੰ ਮਾਨਤਾ ਦੇਣੀ ਚਾਹੀਦੀ ਹੈ। ਜਦਕਿ ਵਾਧੂ ਸੜਕ ‘ਤੇ ਘੁੰਮਦੀਆਂ ਰੇਹੜੀਆਂ ਟਰੈਫ਼ਿਕ ਹੀ ਜਾਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਪੁਲੀਸ ਨੂੰ ਰਲ ਕੇ ਇਹ ਮਸਲਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਾਏ ਰੋਡ ਅਤੇ ਸਿਨੇਮਾ ਰੋਡ ‘ਤੇ ਦੁਕਾਨਦਾਰਾਂ ਨੇ ਸੜਕਾਂ ਦੇ ਕੰਢੇ ਤੋਂ ਵੀ ਅਗਾਂਹ ਤੱਕ ਸਾਮਾਨ ਰੱਖਿਆ ਹੈ ਜਿਸ ਨੂੰ ਪੱਧਰਾ ਕਰਵਾਉਣ ਦੀ ਲੋੜ ਹੈ।ਫਗਵਾੜਾ ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਕਿਹਾ ਕਿ ਜਲਦੀ ਹੀ ਬਾਜ਼ਾਰਾਂ ਦੇ ਪ੍ਰਮੁੱਖ ਵਿਅਕਤੀਆਂ ਨਾਲ ਮੀਟਿੰਗ ਕਰਕੇ ਇਸ ਦਾ ਹੱਲ ਕੀਤਾ ਜਾਵੇਗਾ। ਜੇ ਮਸਲਾ ਫਿਰ ਵੀ ਹੱਲ ਨਾ ਹੋਇਆ ਤਾਂ ਪੁਲੀਸ ਦੀ ਮਦਦ ਲਈ ਜਾਵੇਗੀ।