ਫਗਵਾੜਾ 16 ਅਪ੍ਰੈਲ (ਪ੍ਰੀਤੀ ਜੱਗੀ): ਭਾਵੇਂ ਸੜਕ ਹਾਦਸਿਆਂ ਦਾ ਮੁੱਖ ਕਾਰਨ ਵਾਹਨਾਂ ਦੀ ਤੇਜ਼ ਰਫ਼ਤਾਰ ਹੁੰਦੀ ਹੈ ਪਰ ਸੁਰੱਖਿਅਤ ਆਵਾਜਾਈ ਲਈ ਸੜਕਾਂ ਦਾ ਸਾਫ਼ ਸੁਥਰੀਆਂ ਅਤੇ ਵਧੀਆ ਹਾਲਤ ਵਿੱਚ ਬਣੀਆਂ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ।ਫਗਵਾੜਾ ਤਹਿਸੀਲ ਦੇ ਪਿੰਡ ਖਾਟੀ ਨਜ਼ਦੀਕ ਫਗਵਾੜਾ ਹੁਸ਼ਿਆਰਪੁਰ ਸੜਕ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ ਤੇ ਬਹੁਤ ਹੀ ਡੂੰਘੇ ਖੱਡੇ ਪੈ ਚੁੱਕੇ ਹਨ, ਜਿਸ ਕਾਰਨ ਇਥੇ ਆਏ ਦਿਨ ਅਕਸਰ ਹੀ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ ਜਿਨ੍ਹਾਂ ਵਿੱਚ ਕਈ ਲੋਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਜਾਂਦੇ ਹਨ ਅਤੇ ਬਹੁਤ ਸਾਰੇ ਵਾਹਨਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋ ਜਾਂਦਾ ਹੈ ਅਤੇ ਕਈ ਦੁਰਘਟਨਾਵਾਂ ਵਿੱਚ ਕਈ ਕੀਮਤੀ ਮਨੁੱਖੀ ਜ਼ਿੰਦਗੀਆਂ ਦਾ ਵੀ ਨੁਕਸਾਨ ਹੋ ਚੁੱਕਾ ਹੈ।ਪੰਜਾਬ ਸਰਕਾਰ ਦਾ ਸਬੰਧਤ ਮਹਿਕਮਾ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ ਅਤੇ ਵਾਰ ਵਾਰ ਵਾਪਰ ਰਹੇ ਇਨ੍ਹਾਂ ਭਿਆਨਕ ਸੜਕ ਹਾਦਸਿਆਂ ਦੀਆਂ ਖ਼ਬਰਾਂ ਪੜ੍ਹ ਸੁਣ ਕੇ ਵੀ ਉਨ੍ਹਾਂ ਦੇ ਕੰਨਾਂ ‘ਤੇ ਕੋਈ ਜੂੰ ਨਹੀਂ ਸਰਕਦੀ ਅਤੇ ਲੋਕ ਵਾਰ ਵਾਰ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਸੀਕਰੀ ਮੀਤ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ, ਜੋਗਾ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਹਰਬੰਸ ਪੁਰ,ਕਿਰਪਾਲ ਸਿੰਘ ਸਰਪੰਚ ਸੀਕਰੀ,ਸਾਭੀ ਸਰਪੰਚ ਖਾਟੀ, ਸਤਵਿੰਦਰ ਸਿੰਘ ਸਰਪੰਚ ਹਰਬੰਸਪੁਰ, ਜਥੇਦਾਰ ਮੇਜਰ ਸਿੰਘ ਹਰਬੰਸ ਪੁਰ ਤੇ ਹੋਰ ਸੇਵਾਦਾਰਾਂ ਨੇ ਦੱਸਿਆ ਕਿ ਇਸ ਭਿਆਨਕ ਤ੍ਰਾਸਦੀ ਨੂੰ ਧਿਆਨ ਵਿੱਚ ਰੱਖਦਿਆਂ ਪਿੰਡ ਹਰਬੰਸ ਪੁਰ, ਸੀਕਰੀ, ਖਾਟੀ ਅਤੇ ਹੋਰ ਇਲਾਕਾ ਵਾਸੀਆਂ ਵਲੋਂ ਵਾਹਿਗੁਰੂ ਪਰਮਾਤਮਾ ਦਾ ਓਟ ਆਸਰਾ ਲੈਣ ਅਤੇ ਇਸ ਇਲਾਕੇ ‘ਚ ਸੜਕ ਹਾਦਸਿਆਂ ਤੋਂ ਬਚਾਅ ਲਈ ਪਿਛਲੇ ਦਿਨੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਵੀ ਕਰਵਾਏ ਗਏ ਸਨ। ਇਸ ਦੇ ਨਾਲ ਨਾਲ ਪਿੰਡ ਸੀਕਰੀ, ਖਾਟੀ ਅਤੇ ਹਰਬੰਸ ਪੁਰ ਦੀਆਂ ਸੰਗਤ ਵੱਲੋਂ ਅਮਰੀਕ ਸਿੰਘ ਸੀਕਰੀ, ਸਾਭੀ ਸਰਪੰਚ ਖਾਟੀ ਅਤੇ ਕਸ਼ਮੀਰ ਸਿੰਘ ਹਰਬੰਸ ਪੁਰ ਦੀ ਅਗਵਾਈ ਵਿੱਚ ਵਾਹਿਗੁਰੂ ਪਰਮਾਤਮਾ ਦੇ ਅਸ਼ੀਰਵਾਦ ਅਤੇ ਸੰਗਤਾਂ ਦੇ ਸਹਿਯੋਗ ਨਾਲ ਸੀਮਿੰਟ ਬਜਰੀ ਦੇ ਮਿਸ਼ਰਣ ਦੀ ਗੱਡੀ ਮੰਗਵਾਕੇ ਫਗਵਾੜਾ ਤੋਂ ਰਿਹਾਣਾਂ ਜੱਟਾਂ ਤੱਕ ਭਿਆਨਕ ਖੱਡਿਆਂ ਨੂੰ ਆਰਜ਼ੀ ਤੌਰ ‘ਤੇ ਭਰਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਭਿਆਨਕ ਸੜਕ ਹਾਦਸਿਆਂ ਤੋਂ ਕੁਝ ਨਾ ਕੁਝ ਰਾਹਤ ਮਿਲ ਸਕੇ। ਕੁਝ ਸੇਵਾਦਾਰਾਂ ਵਲੋਂ ਸਰਕਾਰ ਅਤੇ ਪ੍ਰਸ਼ਾਸਨ ਦੀ ਇਸ ਸਮੱਸਿਆ ਸਬੰਧੀ ਅਪਣਾਈ ਜਾ ਰਹੀ ਬੇਰੁਖ਼ੀ ਲਈ ਅਲੋਚਨਾ ਵੀ ਕੀਤੀ ਗਈ। ਅਮਰੀਕ ਸਿੰਘ ਸੀਕਰੀ ਨੇ ਆਪਣੇ ਹੋਰ ਸਾਥੀਆਂ ਸਮੇਤ ਦੱਸਿਆ ਕਿ ਇਸ ਸਮੱਸਿਆ ਅਤੇ ਰਾਵਲਪਿੰਡੀ ਤੋਂ ਜਗਪਾਲ ਪੁਰ ਤੱਕ ਸੜਕ ਦੀ ਤਰਸਯੋਗ ਹਾਲਤ ਨੂੰ ਸੁਧਾਰਨ ਲਈ ਜਲਦੀ ਹੀ ਹਲਕਾ ਇੰਚਾਰਜ ਫਗਵਾੜਾ ਜੋਗਿੰਦਰ ਸਿੰਘ ਮਾਨ ਅਤੇ ਹੁਸ਼ਿਆਰ ਪੁਰ ਤੋਂ ਲੋਕ ਸਭਾ ਮੈਂਬਰ ਰਾਜ ਕੁਮਾਰ ਚੱਬੇਵਾਲ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਤੇ ਤਲਵਿੰਦਰ ਸਿੰਘ ਪੰਚ ਸੀਕਰੀ,ਕੇਵਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਲੈਂਬਰ ਸਿੰਘ ਸੀਕਰੀ, ਗੁਰਮੁੱਖ ਸਿੰਘ ਹਰਬੰਸ ਪੁਰ, ਗੁਰਦੀਪ ਸਿੰਘ ਦੀਪਾ ਹਰਬੰਸ ਪੁਰ,ਮੋਹਨ ਸਿੰਘ ਹਰਬੰਸ ਪੁਰ, ਕੁਲਦੀਪ ਸਿੰਘ ਸਮੇਤ ਹੋਰ ਬਹੁਤ ਸਾਰੇ ਸੇਵਾਦਾਰ ਸਨ।