ਫਗਵਾੜਾ 16 ਅਪ੍ਰੈਲ ( ਪ੍ਰੀਤੀ ਜੱਗੀ)ਜਲੰਧਰ-ਫਗਵਾੜਾ ਰਾਸ਼ਟਰੀ ਰਾਜਮਾਰਗ ‘ਤੇ ਚਹੇੜੂ ਪੁਲ ਨੇੜੇ ਦੋ ਟਰੱਕਾਂ ਵਿਚਕਾਰ ਜ਼ਬਰਦਸਤ ਟੱਕਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਟਰੱਕ ਡ੍ਰਾਈਵਰ ਦੀ ਮੌਤ ਹੋ ਗਈ, ਜਿਸਦੀ ਪਛਾਣ ਗੁਰਜੰਟ ਸਿੰਘ ਵਜੋਂ ਹੋਈ ਹੈ। ਹਾਦਸੇ ਵਿੱਚ ਦੂਜਾ ਡ੍ਰਾਈਵਰ ਗੰਭੀਰ ਜ਼ਖਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਇਸ ਦੌਰਾਨ ਦੂਜਾ ਟਰੱਕ ਜਲੰਧਰ ਤੋਂ ਫਗਵਾੜਾ ਵੱਲ ਆ ਰਿਹਾ ਸੀ। ਦਿੱਲੀ ਤੋਂ ਅੰਮ੍ਰਿਤਸਰ ਜਾ ਰਹੇ ਟਰੱਕ ਦੇ ਡ੍ਰਾਈਵਰ ਨੂੰ ਨੀਂਦ ਆ ਗਈ ਅਤੇ ਟਰੱਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਦੂਜੇ ਸੜਕ ‘ਤੇ ਚਲਾ ਗਿਆ। ਇਸ ਦੌਰਾਨ ਦੋਹਾਂ ਟਰੱਕਾਂ ਵਿਚਾਲੇ ਜ਼ੋਰਦਾਰ ਟੱਕਰ ਹੋਈ ਅਤੇ ਇਹ ਹਾਦਸਾ ਵਾਪਰ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਨੈਸ਼ਨਲ ਹਾਈਵੇਅ ਪੈਟਰੋਲਿੰਗ ਐਂਬੂਲੈਂਸ ਅਤੇ ਹਾਈਵੇਅ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ। ਜ਼ਖਮੀਆਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਇੱਕ ਜ਼ਖਮੀ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਜਲੰਧਰ ਦੇ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ। ਹਾਦਸੇ ਦੀ ਜਾਣਕਾਰੀ ਸਦਰ ਥਾਣੇ ਦੀ ਪੁਲਿਸ ਨੂੰ ਦੇ ਦਿੱਤੀ ਗਈ। ਪੁਲਿਸ ਨੇ ਦੋਵੇਂ ਵਾਹਨ ਸਾਈਡ ‘ਤੇ ਖੜ੍ਹੇ ਕਰ ਦਿੱਤੇ ਅਤੇ ਆਵਾਜਾਈ ਸੁਚਾਰੂ ਢੰਗ ਨਾਲ ਸ਼ੁਰੂ ਕਰਵਾਈ। ਪੁਲਿਸ ਜ਼ਖਮੀ ਡ੍ਰਾਈਵਰ ਦੇ ਬਿਆਨ ਦਰਜ ਕਰ ਰਹੀ ਹੈ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ।