ਫਗਵਾੜਾ- 16 ਅਪ੍ਰੈਲ (ਪ੍ਰੀਤੀ ਜੱਗੀ) ਭਾਸ਼ਾ ਵਿਭਾਗ,ਪੰਜਾਬ ਦੀ ਜੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵੱਲੋਂ ਗੁਰੂ ਨਾਨਕ ਜ਼ਿਲ੍ਹਾ ਲਾਇਬਰੇਰੀ, ਕਪੂਰਥਲਾ ਵਿਖੇ 15 ਅਪ੍ਰੈਲ ਤੋਂ 17ਅਪ੍ਰੈਲ ਤੱਕ ਤਿੰਨ ਦਿਨ ਲਗਾਤਾਰ ਪੁਸਤਕ ਪ੍ਰਦਰਸ਼ਨੀ ਲਗਾਈ ਜਾਣੀ ਹੈ। ਇਸ ਤਿੰਨ ਰੋਜ਼ਾ ਪੁਸਤਕ ਪ੍ਰਦਰਸ਼ਨੀ ਵਿੱਚ ਸ਼ਹਿਰ ਨਿਵਾਸੀਆਂ, ਵਿਦਿਆਰਥੀਆਂ ਅਤੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਵੱਲੋਂ ਕਿਤਾਬਾਂ ਨਾਲ ਸਾਂਝ ਪਾਉਣ ਅਤੇ ਕਿਤਾਬਾਂ ਪੜ੍ਹਨ ਵਿੱਚ ਦਿਲਚਸਪੀ ਵਧਾਉਣ ਬਾਰੇ ਕਿਹਾ ਕਿ ਕਿਤਾਬਾਂ ਗਿਆਨ ਦਾ ਅਥਾਹ ਭੰਡਾਰ ਹਨ ਅਤੇ ਇਹ ਸਾਨੂੰ ਚੰਗੀ ਜ਼ਿੰਦਗੀ ਦੀ ਸੇਧ ਦੇਣ ਦੇ ਨਾਲ ਜਿਉਣ ਦਾ ਰਾਹ ਦਿਖਾਉਣ ਵਿੱਚ ਵੀ ਸਹਾਈ ਹੁੰਦੀਆਂ ਹਨ।
ਅੱਜ ਦੇ ਸਮੇਂ ਸ਼ੋਸ਼ਲ ਮੀਡੀਆ ਦੇ ਦੌਰ ਵਿੱਚ ਪਾਠਕ ਜਿੱਥੇ ਕਿਤਾਬਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ,ਉੱਥੇ ਉਸ ਵੱਲੋਂ ਗਿਆਨ ਹਾਸਲ ਕਰਨ ਦਾ ਸੌਖਾ ਤਰੀਕਾ ਸ਼ੋਸ਼ਲ ਮੀਡੀਆ ਦੀ ਵਰਤੋਂ ਕਰਨਾ ਬਣਦਾ ਜਾ ਰਿਹਾ ਹੈ, ਪਰ ਕਿਸੇ ਵੀ ਵਿਸ਼ੇ ਦੀ ਵਿਸਥਾਰਪੂਰਵਕ ਜਾਣਕਾਰੀ ਕਿਤਾਬਾਂ ਰਾਹੀਂ ਹੀ ਪ੍ਰਾਪਤ ਹੋ ਸਕਦੀ ਹੈ।
ਇਸ ਮੌਕੇ ਡਾ.ਹਰਭਜਨ ਸਿੰਘ ਜੀ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ ਤੇ ਉਹਨਾਂ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਕਿਹਾ ਕਿ ਭਾਸ਼ਾ ਵਿਭਾਗ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਉਣ ਲਈ ਤੇ ਪੁਸਤਕ ਸਭਿਆਚਾਰ ਦਾ ਪਾਸਾਰ ਕਰਨ ਲਈ ਪੁਰ ਜ਼ੋਰ ਯਤਨ ਕਰ ਰਿਹਾ ਹੈ।
ਗੁਰੂ ਨਾਨਕ ਜ਼ਿਲ੍ਹਾ ਲਾਇਬਰੇਰੀ ਦਾ ਸਮੂਹ ਸਟਾਫ ਇਸ ਪ੍ਰਦਰਸ਼ਨੀ ਸਮੇਂ ਮੌਜੂਦ ਸੀ ਅਤੇ ਲਾਈਬ੍ਰੇਰੀ ਵਿੱਚ ਪੜ੍ਹਨ ਆਉਂਦੇ ਵਿਦਿਆਰਥੀਆਂ ਵੱਲੋਂ ਵੀ ਕਿਤਾਬਾਂ ਵਿੱਚ ਬਹੁਤ ਰੁਚੀ ਦਿਖਾਈ ਗਈ। ਪ੍ਰਦਰਸ਼ਨੀ ਨੂੰ ਸਫ਼ਲ ਬਣਾਉਣ ਲਈ ਸਵਰਾਜ ਕੌਰ,ਮਨੀਸ਼ ਕੁਮਾਰ,ਅਤੁਲ ਸ਼ਰਮਾ,ਸੁਖਜੀਤ ਕੌਰ ਅਤੇ ਸਲਮਾਨ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ।