ਫਗਵਾੜਾ, ਕਪੂਰਥਲਾ 23 ਮਾਰਚ (ਪ੍ਰੀਤੀ ਜੱਗੀ) ਨਗਰ ਨਿਗਮ ਨੇ ਵੱਖ-ਵੱਖ ਥਾਵਾਂ ‘ਤੇ ਲਾਇਸੈਂਸ ਫੀਸ ਜਮ੍ਹਾਂ ਨਾ ਕਰਾਉਣ ਵਾਲੇ ਕਾਰੋਬਾਰੀ ਅਦਾਰਿਆਂ ਦੀਆਂ 9 ਦੁਕਾਨਾਂ ਸੀਲ ਕੀਤੀਆਂ। ਇਹ ਕਾਰਵਾਈ ਲਾਇਸੈਂਸ ਬ੍ਰਾਂਚ ਨੇ ਸੰਯੁਕਤ ਕਮਿਸ਼ਨਰ ਸੁਮਨਦੀਪ ਕੌਰ ਦੇ ਨਿਰਦੇਸ਼ਾਂ ‘ਤੇ ਸੁਪਰਡੈਂਟ ਮਮਤਾ ਸੇਠ ਨੇ ਕੀਤੀ।ਨਗਰ ਨਿਗਮ ਵੱਲੋਂ ਜਾਰੀ ਇਕ ਪ੍ਰੈੱਸ ਨੋਟ ਅਨੁਸਾਰ ਉਕਤ ਸੀਲਿੰਗ ਅੱਡਾ ਹੁਸ਼ਿਆਰਪੁਰ ਚੌਕ, ਕਪੂਰਥਲਾ ਰੋਡ, ਬਸਤੀ ਪੀਰਦਾਦ ਤੇ ਗਰੋਵਰ ਕਾਲੋਨੀ ਵਿਖੇ ਕੀਤੀ ਗਈ, ਜਿਥੇ ਬਿਨਾਂ ਲਾਇਸੈਂਸ ਫੀਸ ਦੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਚਲਾਈਆਂ ਜਾ ਰਹੀਆਂ ਸਨ। ਇਸ ਸਬੰਧੀ ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਨੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਲਾਇਸੈਂਸ ਫੀਸ ਜਮ੍ਹਾਂ ਕਰਾ ਕੇ ਸੀਲਿੰਗ ਤੋਂ ਆਪਣਾ ਬਚਾਅ ਕਰਨ।