ਲੁਧਿਆਣਾ, 19 ਦਸੰਬਰ (ਜਸਬੀਰ ਸਿੰਘ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਜਤਿੰਦਰ ਜੋਰਵਾਲ ਨੇ ਵੀਰਵਾਰ ਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਪੋਲਿੰਗ ਤੋਂ ਪਹਿਲਾਂ 48 ਘੰਟਿਆਂ ਦੀ ਮਿਆਦ ਦੌਰਾਨ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ। ਵੋਟਾਂ ਦੀ ਸਮਾਪਤੀ ਲਈ ਨਿਰਧਾਰਤ ਸਮੇਂ ਤੋਂ 48 ਘੰਟਿਆਂ ਦੀ ਮਿਆਦ ਦੌਰਾਨ ਕੋਈ ਵੀ ਜਨਤਕ ਮੀਟਿੰਗ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਸ੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੀ ਧਾਰਾ 110 ਦੇ ਉਪਬੰਧਾਂ ਅਨੁਸਾਰ ਵੋਟਾਂ ਦੀ ਸਮਾਪਤੀ ਲਈ ਨਿਰਧਾਰਤ ਸਮੇਂ ਤੋਂ 48 ਘੰਟਿਆਂ ਦੀ ਮਿਆਦ ਦੌਰਾਨ ਕੋਈ ਵੀ ਜਨਤਕ ਮੀਟਿੰਗ ਬੁਲਾਉਣ ਜਾਂ ਆਯੋਜਿਤ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਬਾਹਰੀ ਵਿਅਕਤੀਆਂ ਨੂੰ ਅਣਅਧਿਕਾਰਤ ਢੰਗ ਨਾਲ ਖਾਸ ਕਰਕੇ ਪੋਲਿੰਗ ਸਟੇਸ਼ਨਾਂ ਦੇ ਨੇੜੇ ਘੁੰਮਣਾ ਨਹੀਂ ਚਾਹੀਦਾ ਅਤੇ ਉਨ੍ਹਾਂ ਨੂੰ ਨਗਰ ਨਿਗਮ ਲੁਧਿਆਣਾ, ਵੱਖ-ਵੱਖ ਨਗਰ ਕੌਂਸਲਾਂ ਅਤੇ ਇੱਕ ਨਗਰ ਪੰਚਾਇਤ ਦੀਆਂ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਦੇ ਸੰਚਾਲਨ ਵਿੱਚ ਵਿਘਨ ਨਹੀਂ ਪਾਉਣਾ ਚਾਹੀਦਾ।