ਐਸ.ਡੀ.ਐਮ. ਵੱਲੋਂ ਸਰਕਾਰੀ ਸਕੂਲਾਂ ‘ਚ ਮਿਡ-ਡੇਅ ਮੀਲ ਦਾ ਅਚਨਚੇਤ ਨਿਰੀਖਣ ,ਕਿਹਾ! ਪ੍ਰਸ਼ਾਸਨ ਬੱਚਿਆਂ ਨੂੰ ਸਵੱਛ ਅਤੇ ਮਿਆਰੀ ਭੋਜਨ ਮੁਹੱਈਆ ਕਰਵਾਉਣ ਲਈ ਪਾਬੰਦ ਹੈ !
ਲੁਧਿਆਣਾ, 04 ਨਵੰਬਰ (ਮਨਪ੍ਰੀਤ ਸਿੰਘ ਅਰੋੜਾ) – ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੇ ਨਿਰਦੇਸ਼ਾਂ ਤਹਿਤ ਉਪ ਮੰਡਲ ਮੈਜਿਸਟਰੇਟ ਵਿਕਾਸ ਹੀਰਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਰਾਮਗੜ੍ਹ ਵਿਖੇ ਮਿਡ ਡੇਅ ਮੀਲ ਦੀ ਅਚਨਚੇਤ ਚੈਕਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਖੁਦ ਭੋਜਨ ਦੀ ਗੁਣਵੱਤਾ ਦੀ ਜਾਂਚ ਕੀਤੀ।
ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਹੀਰਾ ਨੇ ਦੱਸਿਆ ਕਿ ਉਨ੍ਹਾਂ ਅਨਾਜ ਦੇ ਭੰਡਾਰਨ ਤੋਂ ਇਲਾਵਾ ਬੱਚਿਆਂ ਨੂੰ ਦਿੱਤੇ ਜਾ ਰਹੇ ਪਕਾਏ ਭੋਜਨ ਦੀ ਗੁਣਵੱਤਾ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰਾ ਲੁਧਿਆਣਾ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਮਿਡ ਡੇਅ ਮੀਲ ਦੀ ਅਚਨਚੇਤ ਚੈਕਿੰਗ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਸਕੂਲ ਸਟਾਫ਼ ਨੂੰ ਹਦਾਇਤ ਕੀਤੀ ਕਿ ਬੱਚਿਆਂ ਨੂੰ ਖਾਣਾ ਬਣਾਉਣ ਅਤੇ ਪਰੋਸਣ ਸਮੇਂ ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਮਿਡ ਡੇਅ ਮੀਲ ਦੀ ਖੁਦ ਵੀ ਜਾਂਚ ਕੀਤੀ ਅਤੇ ਵਿਦਿਆਰਥੀਆਂ ਤੋਂ ਭੋਜਨ ਦੀ ਗੁਣਵੱਤਾ ਬਾਰੇ ਫੀਡਬੈਕ ਪ੍ਰਾਪਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਉੱਥੇ ਪਰੋਸੇ ਜਾ ਰਹੇ ਭੋਜਨ ਦੀ ਗੁਣਵੱਤਾ ‘ਤੇ ਤਸੱਲੀ ਪ੍ਰਗਟਾਈ ਅਤੇ ਸਬੰਧਤ ਅਧਿਕਾਰੀਆਂ ਨੂੰ ਗੁਣਵੱਤਾ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਸਾਫ਼-ਸੁਥਰਾ ਭੋਜਨ ਮੁਹੱਈਆ ਕਰਵਾਉਣ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।