ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੀ ਪ੍ਰਧਾਨਗੀ ਹੇਠ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਆਯੋਜਿਤ
ਲੁਧਿਆਣਾ, 12 ਅਕਤੂਬਰ (ਮਨਪ੍ਰੀਤ ਸਿੰਘ ਅਰੋੜਾ) ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਦੀ ਪ੍ਰਧਾਨਗੀ ਹੇਠ ਸਥਾਨਕ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਆਯੋਜਿਤ।
ਇਸ ਮੌਕੇ ਉਨ੍ਹਾਂ ਦੇ ਨਾਲ ਸਕੱਤਰ, ਖੇਤਰੀ ਟਰਾਂਸਪੋਰਟ ਅਥਾਰਟੀ ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਤੋਂ ਇਲਾਵਾ ਕਮੇਟੀ ਮੈਂਬਰ ਵੀ ਮੌਜੂਦ ਸਨ।ਮੀਟਿੰਗ ਦੌਰਾਨ ਸੜਕਾਂ ‘ਤੇ ਵੱਧ ਰਹੇ ਹਾਦਸਿਆਂ ਨੂੰ ਰੋਕਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਵਲੋਂ ਝੋਨੇ ਦਾ ਸੀਜ਼ਨ ਹੋਣ ਕਾਰਨ ਟਰੈਕਟਰ ਟਰਾਲੀਆਂ ਅਤੇ ਟਰੱਕਾਂ ਦੇ ਪਿਛੇ ਰਿਫਲੈਕਟਰ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਤਾਂ ਜੋ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਵਲੋਂ ਹਾਜਰ ਨੈਸ਼ਨਲ ਹਾਈਵੇ ਅਥਾਰਟੀ ਦੇ ਨੁਮਾਇੰਦੇ ਨੂੰ ਹਦਾਇਤ ਕੀਤੀ ਗਈ ਕਿ ਬਲੈਕ ਸਪੋਟਸ ਦੀ ਪਹਿਚਾਣ ਕਰਕੇ ਇਸ ਸਬੰਧੀ ਕਾਰਵਾਈ ਕੀਤੀ ਜਾਵੇ।ਇਸ ਤੋਂ ਇਲਾਵਾ ਹਾਈਵੇ ਤੋਂ ਪਾਸਿੰਗ ਸਾਇਟ ਸ਼ਿਫਟ ਕਰਨ ਦੇ ਮੰਤਵ ਨਾਲ 2 ਹੋਰ ਸਾਇਟਾਂ ਅਲਾਟ ਕਰਨ ਲਈ ਵੀ ਕਿਹਾ ਅਤੇ ਨਾਲ ਹੀ ਮੋਟਰ ਵਹੀਕਲ ਇੰਸਪੈਕਟਰ ਨੂੰ ਨਿਰਦੇਸ਼ ਜਾਰੀ ਕੀਤੇ ਕਿ ਫਿਜ਼ੀਕਲ ਇੰਸਪੈਕਸ਼ਨ ਕਰਨ ਲਈ ਨਵੀਆਂ ਸਾਇਟਾਂ ਤੇ ਪਾਸਿੰਗ ਹੋ ਸਕਦੀ ਹੈ ਜਾਂ ਨਹੀਂ ਇਸ ਸਬੰਧੀ ਅਗਲੀ ਹੋਣ ਵਾਲੀ ਮੀਟਿੰਗ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇ।
ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਅਤੇ ਜੀ.ਐਮ ਪੰਜਾਬ ਰੋਡਵੇਜ਼ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਐਲੀਵੇਟਡ ਰੋਡ, ਵੇਰਕਾ ਮਿਲਕ ਪਲਾਂਟ ਦੇ ਨੇੜੇ ਸਾਂਝੀ ਟਰੈਫਿਕ ਚੈਕਿੰਗ ਕਰਕੇ ਰਿਪੋਰਟ ਅਗਲੀ ਮੀਟਿੰਗ ਵਿੱਚ ਨਾਲ ਲੈ ਕੇ ਆਉਣਗੇ।ਮੀਟਿੰਗ ਵਿੱਚ ਇਹ ਵੀ ਕਿਹਾ ਕਿ ਜੋ ਬੱਸਾਂ ਸੇਫ ਸਕੂਲ ਵਾਹਨ ਸਕੀਮ ਦੇ ਅਧੀਨ ਨਹੀਂ ਚਲ ਰਹੀਆਂ ਹਨ ਉਨ੍ਹਾਂ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਡਾ: ਪੂਨਮ ਪ੍ਰੀਤ ਕੋਰ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਸੇਫ ਸਕੂਲ ਵਾਹਨ ਸਕੀਮ ਅਧੀਨ ਉਲੰਘਣਾ ਕਰਨ ਵਾਲੀਆਂ 111 ਸਕੂਲ ਬੱਸਾਂ ਦੇ ਚਲਾਨ ਕੀਤੇ ਗਏ ਅਤੇ ਈ-ਚਲਾਨਿੰਗ ਸਿਸਟਮ ਸ਼ੁਰੂ ਕਰਨ ‘ਤੇ ਗੱਲਬਾਤ ਕੀਤੀ ਗਈ।
ਈ-ਰਿਕਸ਼ਾ ਨੂੰ ਪ੍ਰੋਤਸਾਹਿਤ ਕਰਨ ਅਤੇ ਲੋੜ ਅਨੁਸਾਰ ਬੱਸ ਸਟਾਪ ਬਣਵਾਉਣ ਲਈੇ ਵੀ ਗੱਲਬਾਤ ਕੀਤੀ ਗਈ।
ਇਸ ਤੋਂ ਇਲਾਵਾ ਮੀਟਿੰਗ ਵਿੱਚ ਨਿਰਦੇਸ਼ ਦਿੱਤੇ ਗਏ ਕਿ ਆਗਾਮੀ ਮੀਟਿੰਗ ਵਿੱਚ ਸੀਨੀਅਰ ਅਧਿਕਾਰੀ ਆਪਣੀ ਹਾਜ਼ਰੀ ਯਕੀਨੀ ਬਣਾਉਣ।ਇਸ ਮੀਟਿੰਗ ਵਿੱਚ, ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਲੁਧਿਆਣਾ, ਜਗਰਾਂਓ ਅਤੇ ਪੀ.ਆਰ.ਟੀ.ਸੀ ਲੁਧਿਆਣਾ, ਜ਼ਿਲ੍ਹਾ ਸਿਖਿਆ ਅਫਸਰ, ਮੋਟਰ ਵਹੀਕਲ ਇੰਸਪੈਕਟਰ, ਡਿਪਟੀ ਮੈਨੇਜਰ ਐਨ.ਐਚ.ਏ.ਆਈ ਲੁਧਿਆਣਾ, ਐਕਸੀਅਨ ਪੀ. ਡਬਲਯੂ.ਡੀ. (ਬੀ ਐਂਡ ਆਰ) ਅਤੇ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ, ਲੁਧਿਆਣਾ ਨੂੰ ਹਦਾਇਤ ਕੀਤੀ ਗਈ ਕਿ ਸਾਰੇ ਵਿਭਾਗਾਂ ਤੋਂ ਰਿਪੋਰਟ ਪ੍ਰਾਪਤ ਕਰਕੇ ਅਗਲੀ ਹੋਣ ਵਾਲੀ ਮੀਟਿੰਗ ਵਿੱਚ ਨਾਲ ਲੈ ਕੇ ਆਉਣਗੇ।