ਅਰੋੜਾ ਦੀ ਸਖ਼ਤ ਮਿਹਨਤ ਸਦਕਾ ਭਾਈ ਬਾਲਾ ਚੌਕ ਤੋਂ ਸਿੱਧਵਾਂ ਕੈਨਾਲ (ਨੇੜੇ ਗੁਰੂਦੁਆਰਾ ਨਾਨਕਸਰ) ਤੱਕ ਐਲੀਵੇਟਿਡ ਰੋਡ ਦਾ ਖੁੱਲ੍ਹ ਗਿਆ ਹਿੱਸਾ
ਲੁਧਿਆਣਾ, 11 ਸਤੰਬਰ ( ਮਨਪ੍ਰੀਤ ਸਿੰਘ ਅਰੋੜਾ) ਆਖ਼ਰਕਾਰ ਸੋਮਵਾਰ ਨੂੰ ਭਾਈ ਬਾਲਾ ਚੌਕ ਤੋਂ ਸਿੱਧਵਾਂ ਕੈਨਾਲ (ਨੇੜੇ ਗੁਰਦੁਆਰਾ ਨਾਨਕਸਰ) ਤੱਕ ਐਲੀਵੇਟਿਡ ਰੋਡ ਦਾ ਇੱਕ ਹਿੱਸਾ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ, ਜਿਸ ਕਾਰਨ ਇਸ ਸਨਅਤੀ ਸ਼ਹਿਰ ਦੇ ਵਸਨੀਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ।
ਲੋਕਾਂ ਨੂੰ ਇੰਨੀ ਤੇਜ਼ੀ ਨਾਲ ਕੰਮ ਹੋਣ ਦੀ ਉਮੀਦ ਨਹੀਂ ਸੀ। ਹਾਲਾਂਕਿ ਇਹ ਸਭ ਕੁਝ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਦੇ ਯਤਨਾਂ ਸਦਕਾ ਸੰਭਵ ਹੋ ਸਕਿਆ ਹੈ। ਅਰੋੜਾ ਐਨ.ਐਚ.-5, ਜੋ ਫਿਰੋਜ਼ਪੁਰ, ਦੱਖਣੀ ਬਾਈਪਾਸ ਅਤੇ ਲਾਡੋਵਾਲ ਬਾਈਪਾਸ ਵੱਲ ਲੈ ਜਾਂਦਾ ਹੈ, ‘ਤੇ ਇਸ ਸਟ੍ਰੈਚ ਨੂੰ ਜਲਦੀ ਪੂਰਾ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਸਨ। ਜਿਵੇਂ ਹੀ ਲੋਕਾਂ ਨੂੰ ਇਹ ਰਸਤਾ ਖੁੱਲ੍ਹਣ ਦਾ ਪਤਾ ਲੱਗਾ ਤਾਂ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ।
ਅਰੋੜਾ ਨੇ ਐਲੀਵੇਟਿਡ ਸੜਕ ਦੇ ਹਿੱਸੇ ਨੂੰ ਪੂਰਾ ਕਰਨ ਲਈ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਜੈਰਾਮ ਗਡਕਰੀ, ਐਨਐਚਏਆਈ ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਅਤੇ ਐਨਐਚਏਆਈ ਲੁਧਿਆਣਾ ਦੇ ਪ੍ਰੋਜੈਕਟ ਡਾਇਰੈਕਟਰ ਅਸ਼ੋਕ ਕੁਮਾਰ ਰੋਲਨੀਆ ਦਾ ਧੰਨਵਾਦ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਸੜਕ ਦੇ ਇਸ ਹਿੱਸੇ ਦੇ ਖੁੱਲ੍ਹਣ ਨਾਲ ਜੋ ਫਿਰੋਜ਼ਪੁਰ, ਦੱਖਣੀ ਬਾਈਪਾਸ ਅਤੇ ਲਾਡੋਵਾਲ ਬਾਈਪਾਸ ਵੱਲ ਜਾਣ ਦੇ ਚਾਹਵਾਨਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਨਿੱਜੀ ਤੌਰ ’ਤੇ ਸਾਰੇ ਸਬੰਧਤਾਂ ਕੋਲ ਮਾਮਲਾ ਉਠਾ ਚੁੱਕੇ ਹਨ। ਇੱਥੋਂ ਤੱਕ ਕਿ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੀ ਹਾਜ਼ਰੀ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਸ ਮੁੱਦੇ ਨੂੰ ਪਹਿਲ ਦੇ ਆਧਾਰ ‘ਤੇ ਵਿਚਾਰਿਆ ਗਿਆ।
ਉਨ੍ਹਾਂ ਆਸ ਪ੍ਰਗਟਾਈ ਕਿ ਸਿੱਧਵਾਂ ਕੈਨਾਲ (ਨੇੜੇ ਗੁਰੂਦੁਆਰਾ ਨਾਨਕਸਰ) ਤੋਂ ਭਾਰਤ ਨਗਰ ਚੌਕ ਅਤੇ ਮਿੰਨੀ ਸਕੱਤਰੇਤ ਤੱਕ ਐਲੀਵੇਟਿਡ ਰੋਡ ਦੇ ਦੂਜੇ ਪਾਸੇ ਵਾਹਨਾਂ ਦੀ ਆਵਾਜਾਈ ਵੀ ਕੁਝ ਦਿਨਾਂ ਵਿੱਚ ਹੀ ਖੁੱਲ੍ਹ ਜਾਵੇਗੀ। ਉਨ੍ਹਾਂ ਕਿਹਾ ਕਿ ਸੜਕ ਦੇ ਇਸ ਹਿੱਸੇ ’ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਐਲੀਵੇਟਿਡ ਰੋਡ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਲੁਧਿਆਣਾ ਸ਼ਹਿਰ ਟ੍ਰੈਫਿਕ ਜਾਮ ਤੋਂ ਮੁਕਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਹ 756.27 ਕਰੋੜ ਰੁਪਏ ਦੇ ਐਲੀਵੇਟਿਡ ਰੋਡ ਪ੍ਰਾਜੈਕਟ ਨੂੰ ਜਲਦੀ ਮੁਕੰਮਲ ਕਰਨ ਲਈ ਕੰਮ ਕਰਦੇ ਰਹਿਣਗੇ।
ਇੱਥੇ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਅਰੋੜਾ ਨੇ ਸਾਰੇ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਵੇਰਕਾ ਮਿਲਕ ਪਲਾਂਟ ਤੋਂ ਮਿੰਨੀ ਸਕੱਤਰੇਤ ਤੱਕ ਨਿਰਮਾਣ ਅਧੀਨ ਐਲੀਵੇਟਿਡ ਰੋਡ ਦਾ ਟਰਾਇਲ ਵੀ ਲਿਆ ਸੀ।