ਵਿਧਾਇਕ ਗੋਗੀ, ਨਗਰ ਨਿਗਮ ਕਮਿਸ਼ਨਰ ਨੇ ਬੀ.ਆਰ.ਐਸ. ਨਗਰ ਵਿੱਚ ਉੱਤਰੀ ਭਾਰਤ ਦੇ ਪਹਿਲੇ ‘ਡੌਗ ਪਾਰਕ’ ਦਾ ਕੀਤਾ ਉਦਘਾਟਨ
ਪਾਰਕ ਵਿੱਚ ਪਾਲਤੂ ਕੁੱਤਿਆਂ ਲਈ ਚੁਸਤੀ ਅਤੇ ਸਿਖਲਾਈ ਉਪਕਰਣ, ਸਵਿਮਿੰਗ ਪੂਲ ਸਮੇਤ ਹੋਰ ਖੇਡਾਂ ਲਗਾਈਆਂ ਗਈਆਂ ਹਨ
ਲੁਧਿਆਣਾ, 4 ਸਤੰਬਰ (ਮਨਪ੍ਰੀਤ ਸਿੰਘ ਅਰੋੜਾ) ਪਾਲਤੂ ਕੁੱਤਿਆਂ ਅਤੇ ਉਹਨਾਂ ਦੇ ਮਾਲਕਾਂ ਦੀ ਸਹੂਲਤ ਲਈ ਕੀਤੀ ਗਈ ਇੱਕ ਵਿਲੱਖਣ ਪਹਿਲਕਦਮੀ ਵਿੱਚ, ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸੋਮਵਾਰ ਨੂੰ ਸ਼ਹਿਰ ਵਿੱਚ ਉੱਤਰੀ ਭਾਰਤ ਦੇ ਪਹਿਲੇ ‘ਡੌਗ ਪਾਰਕ’ ਦਾ ਉਦਘਾਟਨ ਕੀਤਾ।
ਭਾਈ ਰਣਧੀਰ ਸਿੰਘ (ਬੀ.ਆਰ.ਐਸ.) ਨਗਰ (ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਦੇ ਪਿਛਲੇ ਪਾਸੇ) ਦੇ ਬਲਾਕ-ਡੀ ਵਿੱਚ ‘ਡੌਗ ਪਾਰਕ’ ਦੀ ਸਥਾਪਨਾ ਕੀਤੀ ਗਈ ਹੈ।
ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਹ ਦੇਸ਼ ਦਾ ਤੀਜਾ ਪਾਰਕ ਹੈ ਅਤੇ ਉੱਤਰੀ ਭਾਰਤ ਵਿੱਚ ਅਜਿਹਾ ਪਹਿਲਾ ਪਾਰਕ ਹੈ। ਪਹਿਲੇ ਦੋ ਪਾਰਕ ਮੁੰਬਈ ਅਤੇ ਹੈਦਰਾਬਾਦ ਵਿੱਚ ਸਥਾਪਿਤ ਕੀਤੇ ਗਏ ਹਨ। ਇਹ ਪਾਲਤੂ ਕੁੱਤਿਆਂ ਅਤੇ ਉਨ੍ਹਾਂ ਦੇ ਮਾਲਕਾਂ ਦੀ ਸਹੂਲਤ ਲਈ ਸਥਾਪਿਤ ਕੀਤਾ ਗਿਆ ਇੱਕ ਪ੍ਰਮੁੱਖ ਪਾਰਕ ਹੈ।
ਵਿਧਾਇਕ ਗੋਗੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਕੁੱਤਿਆਂ ਦੇ ਹੁਨਰ ਨੂੰ ਵਿਕਸਤ ਕਰਨ ਅਤੇ ਉਹਨਾਂ ਨੂੰ ਮਾਨਸਿਕ/ਸਰੀਰਕ ਤੌਰ ‘ਤੇ ਕਿਰਿਆਸ਼ੀਲ ਰਹਿਣ ਲਈ ਅੜਿੱਕੇ, ਸੁਰੰਗਾਂ ਸਮੇਤ ਹੋਰ ਸੁਵਿਧਾਵਾਂ ਵੀ ਸਥਾਪਤ ਕੀਤੀਆਂ ਗਈਆਂ ਹਨ। ਚੁਸਤੀ ਅਤੇ ਸਿਖਲਾਈ ਉਪਕਰਣਾਂ ਤੋਂ ਇਲਾਵਾ, ਅਧਿਕਾਰੀਆਂ ਨੇ ਹੋਰ ਅਭਿਆਸਾਂ ਦੇ ਨਾਲ-ਨਾਲ ਇੱਕ ਅਤਿ ਆਧੁਨਿਕ ਸਵੀਮਿੰਗ ਪੂਲ ਵੀ ਸਥਾਪਤ ਕੀਤਾ ਹੈ।
ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ ਅਤੇ ਸੀਨੀਅਰ ਵੈਟਰਨਰੀ ਅਫਸਰ ਡਾ. ਹਰਬੰਸ ਢੱਲਾ ਨੇ ਦੱਸਿਆ ਕਿ ਪਾਰਕ ਵਿੱਚ ਜਲਦੀ ਹੀ ਪੈੱਟ ਕੈਫੇ, ਪੈੱਟ ਬੋਰਡਿੰਗ, ਪਾਲਤੂ ਜਾਨਵਰਾਂ ਦੀ ਦੇਖਭਾਲ ਸਮੇਤ ਹੋਰ ਸਹੂਲਤਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਡਾ. ਢੱਲਾ ਨੇ ਦੱਸਿਆ ਕਿ ਕੁੱਤਿਆਂ ਦੇ ਪਾਰਕ ਵਿਦੇਸ਼ਾਂ ਵਿੱਚ ਸਥਾਪਿਤ ਕੀਤੇ ਜਾਂਦੇ ਹਨ ਅਤੇ ਇਸੇ ਤਰਜ਼ ‘ਤੇ ਇਹ ਪ੍ਰੋਜੈਕਟ ਸੰਕਲਪਿਤ ਕੀਤਾ ਗਿਆ ਹੈ। ਪਾਰਕ ਦੀ ਸਥਾਪਨਾ ਹੈਦਰਾਬਾਦ ਸਥਿਤ ਠੇਕੇਦਾਰ ਡਾ. ਡੌਗ ਪੈੱਟ ਹਸਪਤਾਲ ਵੱਲੋਂ ਕੀਤੀ ਗਈ ਹੈ ਅਤੇ ਠੇਕੇਦਾਰ ਪਾਰਕ ਦੀ ਦੇਖ-ਰੇਖ ਕਰੇਗਾ।
ਪਾਰਕ ਸਵੇਰੇ 6 ਵਜੇ ਤੋਂ ਰਾਤ 11 ਵਜੇ ਤੱਕ ਖੁੱਲ੍ਹਾ ਰਹੇਗਾ ਅਤੇ ਇਸ ਸਹੂਲਤ ਦੀ ਵਰਤੋਂ ਕਰਨ ਲਈ ਪਾਲਤੂ ਜਾਨਵਰਾਂ ਦੇ ਮਾਲਕਾਂ ਤੋਂ ਸਿਰਫ 40 ਰੁਪਏ ਦੀ ਮਾਮੂਲੀ ਫੀਸ ਲਈ ਜਾਵੇਗੀ।
ਵਿਧਾਇਕ ਗੋਗੀ ਨੇ ਦੱਸਿਆ ਕਿ ਇਹ ਪਾਰਕ ਕੁੱਤਿਆਂ ਨੂੰ ਮੇਲ-ਜੋਲ ਕਰਨ, ਕਸਰਤ ਕਰਨ ਅਤੇ ਖੁੱਲ੍ਹ ਕੇ ਖੇਡਣ ਲਈ ਇੱਕ ਸੁਰੱਖਿਅਤ ਅਤੇ ਉਤੇਜਕ ਵਾਤਾਵਰਣ ਪ੍ਰਦਾਨ ਕਰਦਾ ਹੈ, ਜਿਸ ਨਾਲ ਪਾਲਤੂ ਜਾਨਵਰ ਖੁਸ਼ਹਾਲ ਅਤੇ ਸਿਹਤਮੰਦ ਹੁੰਦੇ ਹਨ। ਪਾਲਤੂ ਜਾਨਵਰਾਂ ਦੇ ਮਾਲਕ ਆਪਣੇ ਕੁੱਤਿਆਂ ਨਾਲ ਇੱਕ ਸ਼ਾਂਤ ਅਤੇ ਵਿਸ਼ਾਲ ਸਹੂਲਤ ਦਾ ਆਨੰਦ ਲੈ ਸਕਦੇ ਹਨ।
ਵਿਧਾਇਕ ਗੋਗੀ ਨੇ ਕਿਹਾ ਕਿ ਡੌਗ ਪਾਰਕ ਦੀ ਸਥਾਪਨਾ ਲਈ ਨਗਰ ਨਿਗਮ ਵੱਲੋਂ ਕੋਈ ਖਰਚਾ ਨਹੀਂ ਕੀਤਾ ਗਿਆ। ਇਹ ਖਰਚਾ ਠੇਕੇਦਾਰ ਵੱਲੋਂ ਕੀਤਾ ਗਿਆ ਹੈ ਅਤੇ ਨਗਰ ਨਿਗਮ ਨੂੰ ਸਗੋਂ ਇਸ ਪ੍ਰਾਜੈਕਟ ਤੋਂ ਆਮਦਨ ਹੋਵੇਗੀ।
ਵਿਧਾਇਕ ਗੋਗੀ ਨੇ ਕਿਹਾ ਕਿ ਇਸ ਨਾਲ ਸ਼ਹਿਰ ਵਾਸੀਆਂ ਨੂੰ ਆਪਣੇ ਪਾਲਤੂ ਕੁੱਤਿਆਂ ਨੂੰ ਤੰਦਰੁਸਤ ਰੱਖਣ ਵਿੱਚ ਵੀ ਮਦਦ ਮਿਲੇਗੀ ਅਤੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।
ਇਸ ਮੌਕੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ, ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਆਪ ਆਗੂ ਅੰਮ੍ਰਿਤ ਵਰਸ਼ਾ ਰਾਮਪਾਲ, ਗੁਰਪ੍ਰੀਤ ਸਿੰਘ ਬੇਦੀ, ਗੁਰਕਰਨ ਟੀਨਾ, ਮਨੀਸ਼ ਸ਼ਾਹ, ਸੋਨੂੰ ਬੰਗਾਲੀ ਆਦਿ ਵੀ ਹਾਜ਼ਰ ਸਨ।