ਅਧਿਕਾਰੀਆਂ ਵਲੋਂ ਮਿੱਟੀ ਦੀ ਪਰਖ ਲਈ ਨਮੂਨੇ ਭੇਜੇ, ਰਿਪੋਰਟ ਆਉਣ ‘ਤੇ ਨਿਰਮਾਣ ਕਾਰਜ਼ਾਂ ਨੂੰ ਦਿੱਤੀ ਜਾਵੇਗੀ ਹਰੀ ਝੰਡੀ – ਵਿਧਾਇਕ ਰਾਜਿੰਦਰਪਾਲ ਕੌਰ ਛੀਨਾ !
ਲੁਧਿਆਣਾ, 30 ਨਵੰਬਰ (ਗੌਰਵ ਬੱਸੀ) – ਵਿਧਾਨ ਸਭਾ ਹਲਕਾ ਦੱਖਣੀ ਦੇ ਵਸਨੀਕਾਂ ਦੀ ਚਿਰੌਕਣੀ ਮੰਗ ਨੂੰ ਬੂਰ ਪਿਆ ਹੈ ਜਿਸਦੇ ਤਹਿਤ ਲੋਹਾਰਾ ਪੁੱਲ ਦਾ ਨਿਰਮਾਣ ਕਾਰਜ਼ ਜਲਦ ਸ਼ੁਰੂ ਕੀਤਾ ਜਾਵੇਗਾ।
ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਦੀ ਅਗਵਾਈ ਵਿੱਚ ਸਬੰਧਤ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੁੱਲ ਦੇ ਜਲਦ ਨਿਰਮਾਣ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ।
ਵਿਧਾਇਕ ਛੀਨਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਅਤੇ ਬੀ. ਐਂਡ ਆਰ. ਦੀਆਂ ਟੀਮਾਂ ਵੱਲੋਂ ਮਿੱਟੀ ਦੇ ਨਮੂਨੇ ਲੈ ਕੇ ਲੈਬ ਵਿੱਚ ਭੇਜ ਦਿੱਤੇ ਗਏ ਹਨ ਅਤੇ ਜਲਦ ਹੀ ਰਿਪੋਰਟ ਆਉਣ ਤੋਂ ਬਾਅਦ ਲੋਹਾਰਾ ਪੁਲ ਦੇ ਨਿਰਮਾਣ ਨੂੰ ਹਰੀ ਝੰਡੀ ਦੇ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਪੁੱਲ ਦੀ ਚੌੜਾਈ ਘੱਟ ਹੋਣ ਕਰਕੇ ਇਲਾਕਾ ਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦਹਾਕਿਆਂ ਪੁਰਾਣਾ ਬਣਿਆ ਇਹੀ ਪੁੱਲ ਲੋਕਾਂ ਨੂੰ ਮੇਨ ਰੋਡ ਦੇ ਨਾਲ ਜੋੜਦਾ ਸੀ, ਜਿਸਨੂੰ ਚੌੜਾ ਕਰਨ ਲਈ ਇਲਾਕੇ ਦੇ ਲੋਕ ਕਈ ਸਾਲਾਂ ਤੋਂ ਮੰਗ ਕਰ ਰਹੇ ਸਨ।
ਉਨ੍ਹਾ ਅੱਗੇ ਦੱਸਿਆ ਕਿ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਮਾਹਰ ਇੰਜੀਨੀਅਰ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਅੱਜ ਜਾਇਜ਼ਾ ਲਿਆ ਗਿਆ. ਇਲਾਕੇ ਦੇ ਲੋਕਾਂ ਦੇ ਵਿੱਚ ਇਸ ਪੁੱਲ ਦੇ ਨਿਰਮਾਣ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਜਲਦ ਹੀ ਇਸ ਪ੍ਰੋਜੈਕਟ ਦੀ ਸ਼ੁਰੂਆਤ ਹੋਵੇਗੀ ਅਤੇ ਲੋਕਾਂ ਦੀ ਵੱਡੀ ਸਮੱਸਿਆ ਦੂਰ ਹੋਵੇਗੀ।
ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ”ਜਿੰਨੇ ਕੰਮ ਪਿਛਲੇ ਦੋ ਸਾਲ ਦੇ ਵਕਫੇ ਦੌਰਾਨ ਲੁਧਿਆਣਾ ਦੱਖਣੀ ਦੇ ਵਿੱਚ ਹੋਏ ਹਨ ਮੈਨੂੰ ਨਹੀਂ ਲੱਗਦਾ ਕਿ ਪਿਛਲੇ 15 ਸਾਲਾਂ ਦੇ ਵਿੱਚ ਵੀ ਅਜਿਹੇ ਕੰਮ ਹੋਏ ਹੋਣਗੇ”। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਇਲਾਕੇ ਦੇ ਲੋਕਾਂ ਦੀ ਮੰਗ ਦੇ ਮੁਤਾਬਕ ਕੰਮ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਲੋਹਾਰਾ ਪੁੱਲ ਦਾ ਕੰਮ ਲੰਬੇ ਸਮੇਂ ਤੋਂ ਲਟਕਿਆ ਹੋਇਆ ਸੀ ਪਰ ਰਿਵਾਇਤੀ ਪਾਰਟੀ ਦੀਆਂ ਸਰਕਾਰਾਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ। ਹੁਣ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਲੋਕਾਂ ਦੀ ਆਪਣੀ ਸਰਕਾਰ ਨੇ ਇਸ ਦੇ ਨਿਰਮਾਣ ਲਈ ਜਰੂਰੀ ਕਦਮ ਚੁੱਕੇ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ ਜਲਦ ਹੀ ਵਿਭਾਗੀ ਕਾਰਵਾਈਆਂ ਤੋਂ ਬਾਅਦ ਪੁੱਲ ਦੀ ਉਸਾਰੀ ਹੋਵੇਗੀ ਅਤੇ ਆਵਾਜਾਈ ਸੁਖਾਵੀਂ ਹੋਵੇਗੀ।