ਸੱਪ ਦੇ ਡੰਗ ਤੋਂ ਬਚਣ ਅਤੇ ਇਲਾਜ ਸਬੰਧੀ ਐਡਵਾਈਜ਼ਰੀ ਕੀਤੀ ਜਾਰੀ
ਪਟਿਆਲਾ 9 ਅਗਸਤ (ਮਨਪ੍ਰੀਤ ਸਿੰਘ ਅਰੋੜਾ ) ਹੜ੍ਹਾਂ ਤੋਂ ਬਾਦ ਅਤੇ ਬਰਸਾਤ ਦਾ ਮੌਸਮ ਹੋਣ ਕਾਰਣ ਸੱਪਾਂ ਦਾ ਖੱਡਾ ਵਿਚੋਂ ਨਿਕਲ ਕੇ ਬਾਹਰ ਆਉਣਾ ਆਮ ਹੈ।ਜਿਸ ਕਾਰਨ ਇਸ ਮੌਸਮ ਵਿੱਚ ਸੱਪ ਦੇ ਡੰਗੇ ਦੇ ਕੇਸ ਆਮ ਦੇਖਣ ਨੂੰ ਮਿਲਦੇ ਹਨ।ਸੱਪ ਦੇ ਡੰਗ ਤੋਂ ਬਚਾਅ ਅਤੇ ਇਲਾਜ ਸਬੰਧੀ ਸਿਵਲ ਸਰਜਨ ਡਾ. ਰਮਿੰਦਰ ਕੋਰ ਵੱਲੋਂ ਐਡਵਾਈਜ਼ਰੀ ਜਾਰੀ ਕਰਦੇ ਕਿਹਾ ਕਿ ਸੱਪ ਦੇ ਡੰਗਣ ਤੇ ਤੁਰੰਤ ਐਂਬੂਲੈਂਸ 108 ਨੂੰ ਕਾਲ ਕਰਕੇ ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਕੇ ਜਾਓ, ਸਪਲਿੰਟ ਦੀ ਮਦਦ ਨਾਲ ਡੰਗ ਮਾਰੇ ਹੋਏ ਅੰਗ ਨੂੰ ਸਥਿਰ ਰੱਖੋ।ਡੰਗ ਮਾਰੀ ਹੋਈ ਥਾਂ ਨੂੰ ਨਾ ਕੱਟੋ ਤੇ ਨਾ ਹੀ ਮੂੰਹ ਨਾਲ ਜ਼ਹਿਰ ਬਾਹਰ ਕੱਢਣ ਦੀ ਕੋਸ਼ਿਸ਼ ਕਰੋ।ਡੰਗੀ ਹੋਈ ਥਾਂ ਤੇ ਬਰਫ਼ ਨਾ ਲਗਾਈ ਜਾਵੇ ਤੇ ਨਾ ਹੀ ਉਸ ਜਗ੍ਹਾ ਦੀ ਮਾਲਿਸ਼ ਕਰੋ। ਇਸ ਤੋਂ ਇਲਾਵਾ ਡੰਗੀ ਹੋਈ ਥਾਂ ਤੇ ਕਿਸੇ ਕਿਸਮ ਦੀ ਜੜੀ ਬੂਟੀ ਨਾ ਲਗਾਈ ਜਾਵੇ। ਡਾਕਟਰੀ ਸਲਾਹ ਤੋਂ ਬਗੈਰ ਕਿਸੇ ਕਿਸਮ ਦੀ ਦਵਾਈ ਨਾ ਲਵੋ।ਉਹਨਾਂ ਕਿਹਾ ਕਿ ਸੱਪ ਦੇ ਡੰਗ ਤੋਂ ਬਚਾਅ ਲਈ ਹੜ੍ਹਾਂ ਦੇ ਪਾਣੀ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਬਾਹਰ ਜਾਣ ਵੇਲੇ ਬੰਦ ਜੁੱਤੀਆਂ ਜਾਂ ਲੰਬੇ ਬੂਟ ਪਾਏ ਜਾਣ। ਰਾਤ ਨੂੰ ਬਾਹਰ ਜਾਣ ਵੇਲੇ ਹਮੇਸ਼ਾ ਟਾਰਚ ਦੀ ਵਰਤੋ ਕਰੋ।ਫ਼ਰਸ਼ ਤੇ ਸੌਣ ਤੋ ਗੁਰੇਜ਼ ਕੀਤਾ ਆ ਜਾਵੇ। ਘਰ ਦੇ ਆਲ਼ੇ ਦੁਆਲੇ ਨੂੰ ਸਾਫ਼ ਸੁਥਰਾ ਅਤੇ ਘਰ ਵਿੱਚ ਸਮਾਨ ਨੂੰ ਤਰਤੀਬ ਅਨੁਸਾਰ ਰੱਖਿਆ ਜਾਵੇ। ਸਹਾਇਕ ਸਿਵਲ ਸਰਜਨ ਡਾ. ਰਚਨਾ ਨੇ ਦੱਸਿਆ ਕਿ ਸੱਪ ਦੇ ਡੰਗ ਮਾਰੇ ਦੇ ਇਲਾਜ ਲਈ ਐਂਟੀ ਸਨੇਕ ਵੀਨੋਮ ਜ਼ਿਲ੍ਹੇ ਦੇ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ੱਲਿਆ ਹਸਪਤਾਲ ਅਤੇ ਸਬ ਡਵੀਜ਼ਨ ਹਸਪਤਾਲ ਨਾਭਾ, ਸਮਾਣਾ ਅਤੇ ਰਾਜਪੁਰਾ ਵਿਖੇ ਉਪਲਬਧ ਹੈ, ਇਸ ਤੋ ਇਲਾਵਾ 24X7 ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਵੀ ਐਮਰਜੈਂਸੀ ਉਪਚਾਰ ਦੇ ਪ੍ਰਬੰਧ ਮੌਜੂਦ ਹਨ।ਉਹਨਾਂ ਕਿਹਾ ਕਿ ਐਂਟੀ ਸਨੇਕ ਵੀਨੋਮ ਭਾਰਤ ਵਿੱਚ ਮਿਲਣ ਵਾਲੇ ਚਾਰ ਜ਼ਹਿਰੀਲੇ ਸੱਪਾਂ ਦੀਆਂ ਕਿਸਮਾਂ ਤੋ ਤਿਆਰ ਕੀਤਾ ਜਾਂਦਾ ਹੈ ਅਤੇ ਇਹ ਤਕਰੀਬਨ ਹਰ ਤਰਾਂ ਦੇ ਸੱਪ ਕੱਟੇ ਮਰੀਜ਼ ਲਈ ਵਰਤਿਆ ਜਾ ਸਕਦਾ ਹੈ।ਉਹਨਾਂ ਕਿਹਾ ਕਿ ਸੱਪ ਦੇ ਡੰਗ ਮਾਰਨ ਤੇ ਘਬਰਾਉਣ ਦੀ ਲੋੜ ਨਹੀਂ ਅਜਿਹੀ ਸਥਿਤੀ ਹੋਣ ਤੇ ਤੁਰੰਤ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।