ਸੁਤੰਤਰਤਾ ਦਿਹਾੜੇ ਮੌਕੇ ਮਾਨਸਾ ਵਿਖੇ ਕੈਬਨਿਟ ਮੰਤਰੀ
ਅਨਮੋਲ ਗਗਨ ਮਾਨ ਲਹਿਰਾਉਣਗੇ ਕੌਮੀ ਝੰਡਾ
ਡਿਪਟੀ ਕਮਿਸ਼ਨਰ ਨੇ ਸੁਤੰਤਰਤਾ ਦਿਹਾੜੇ ਸਬੰਧੀ
ਤਿਆਰੀਆਂ ਦਾ ਜਾਇਜ਼ਾ
ਮਾਨਸਾ, 08 ਅਗਸਤ (ਮਨਪ੍ਰੀਤ ਸਿੰਘ ਅਰੋੜਾ)15 ਅਗਸਤ ਨੂੰ ਸੁਤੰਤਰਤਾ ਦਿਹਾੜੇ ਦੇ ਜ਼ਿਲਾ ਪੱਧਰੀ ਸਮਾਗਮ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਸਥਾਨਕ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੁਤੰਤਰਤਾ ਦਿਹਾੜਾ ਪੂਰੇ ਉਤਸ਼ਾਹ ਨਾਲ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਮਾਨਸਾ ਵਿਖੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਮਾਗਮ ਵਾਲੀ ਥਾਂ ’ਤੇ ਵੱਖ-ਵੱਖ ਸਖ਼ਸ਼ੀਅਤਾਂ ਦੇ ਬੈਠਣ ਲਈ ਵੱਖਰੇ-ਵੱਖਰੇ ਬਲਾਕ ਤਿਆਰ ਕਰਵਾਏ ਜਾਣ ਅਤੇ ਇਸ ਸਬੰਧੀ ਪੁਖ਼ਤਾ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ। ਉਨਾਂ ਪੁਲਿਸ ਵਿਭਾਗ ਨੂੰ ਸੁਰੱਖਿਆ ਦੇ ਉਚਿੱਤ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਾਰਜ ਸਾਧਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਇਸ ਮੌਕੇ ਸਾਫ ਸਫਾਈ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸੁਤੰਤਰਤਾ ਦਿਹਾੜੇ ਸਬੰਧੀ ਕਾਰਜਾਂ ਨੂੰ ਸਮਾਂ ਰਹਿੰਦਿਆਂ ਹੀ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਸਮਾਗਮ ਦੌਰਾਨ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ। ਉਨਾਂ ਦੱਸਿਆ ਕਿ ਅੰਤਿਮ ਰਿਹਰਸਲ 11 ਅਗਸਤ ਨੂੰ ਸਰਕਾਰੀ ਨਹਿਰੂ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਹੋਵੇਗੀ।
ਇਸ ਮੌਕੇ ਐਸ.ਪੀ. ਸ੍ਰੀ ਜਸਕੀਰਤ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰੀ ਹਰਜਿੰਦਰ ਸਿੰਘ ਜੱਸਲ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।