ਭਗਤ ਸਿੰਘ ਇੱਕ ਪੰਜਾਬੀ ਯੁਵਾ ਕ੍ਰਾਂਤੀਕਾਰੀ, ਦੇਸ਼ ਭਗਤ ਸਨ।ਜਿਹਨਾਂ ਨੇ ਚੰਦਰਸ਼ੇਖਰ ਆਜ਼ਾਦ ਨਾਲ ਮਿਲ ਕੇ 1928 ਨੂੰ ਇੱਕ ਇਨਕਲਾਬੀ ਸੰਸਥਾਂ” ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ” (HSRA) ਦੀ ਸ਼ੁਰੂਆਤ ਕੀਤੀ। 1930 ਵਿੱਚ ਜਦ ਲਾਹੌਰ ਵਿੱਚ “ਸਾਈਮਨ ਕਮਿਸ਼ਨ ਗੋ ਬੈਕ” ਅੰਦੋਲਨ ਲਾਲਾ ਲਾਜਪਤ ਰਾਏ ਵਲੋਂ ਚਲਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਬ੍ਰਿਟਿਸ਼ ਅਫ਼ਸਰ ਜੇ. ਪੀ.ਸਕਾੱਟ ਵਲੋਂ ਲਾਲਾ ਲਾਜਪਤ ਰਾਏ ਦੇ ਇਸ ਅੰਦੋਲਨ ਤੇ ਸ਼ਾਮਲ ਅੰਦੋਲਨਕਾਰੀਆਂ ਉੱਤੇ ਲਾਠੀਚਾਰਜ ਦਾ ਹੁਕਮ ਦੇ ਦਿੱਤਾ ਗਿਆ। ਜਿਸ ਵਿੱਚ ਲਾਲਾ ਲਾਜਪਤ ਰਾਏ ਦੇ ਸਿਰ ਵਿੱਚ ਲਾਠੀਆਂ ਵੱਜਣ ਕਾਰਨ ਉਹਨਾਂ ਦੇ ਦਿਮਾਗ ਤੇ ਸੱਟ ਵੱਜੀ ਤੇ ਹਸਪਤਾਲ ਵਿਚ ਜੇਰੇ ਇਲਾਜ਼ ਉਹ ਸ਼ਹੀਦ ਹੋ ਗਏ। ਇਸ ਗੱਲ ਤੋਂ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਕਾਫੀ ਧੱਕਾ ਲੱਗਿਆ ਤੇ ਉਹਨਾਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਯੋਜਨਾ ਬਣਾਈ। ਜਿਸ ਵਿੱਚ ਉਹਨਾਂ ਨੇ ਬ੍ਰਿਟਿਸ਼ ਅਫ਼ਸਰ ਜੇ ਪੀ ਸਕਾਟ ਦੀ ਹੱਤਿਆ ਨੂੰ ਉਦੇਸ਼ ਮਿੱਥਿਆ ਗਿਆ। ਪਰ ਭਗਤ ਸਿੰਘ ਦੇ ਸਾਥੀ ਬਟੁਕੇਸ਼ਵਰ ਦੱਤ ਨੂੰ ਅਫ਼ਸਰ ਦੀ ਪਛਾਣ ਨਾ ਹੋਣ ਕਾਰਨ ਲਾਹੌਰ ਦੇ ਦੂਜੇ ਮੌਜੂਦਾ ਬ੍ਰਿਟਿਸ਼ ਅਫ਼ਸਰ ਸਾਂਡਰਸ ਦੀ ਹੱਤਿਆ ਹੋ ਗਈ। ਪਰ ਫੇਰ ਵੀ ਬ੍ਰਿਟਿਸ਼ ਸਰਕਾਰ ਭਗਤ ਸਿੰਘ ਨੂੰ ਪਕੜਨ ਵਿੱਚ ਅਸਫ਼ਲ ਰਹੀ। ਤੇ ਇੱਕ ਸਾਲ ਤੱਕ ਭਗਤ ਸਿੰਘ ਬ੍ਰਿਟਿਸ਼ ਸਰਕਾਰ ਨੂੰ ਚਕਮਾ ਦੇਣ ਵਿੱਚ ਕਾਮਯਾਬ ਰਹੇ ਤੇ ਬੰਗਾਲ ਵਿੱਚ ਰਹੇ। ਭਗਤ ਸਿੰਘ ਨੂੰ ਪਕੜਨ ਵਿੱਚ ਜਿੱਥੇ ਬ੍ਰਿਟਿਸ਼ ਸਰਕਾਰ ਅਸਫ਼ਲ ਰਹੀ ਉੱਥੇ ਹੀ ਭਗਤ ਸਿੰਘ ਨੇ ਖ਼ੁਦ ਆਪਣੀ ਗ੍ਰਿਫਤਾਰੀ ਦਿੱਤੀ। ਜਿਸ ਦਾ ਇੱਕੋਂ ਇੱਕ ਉਦੇਸ਼ ਹਿੰਦੁਸਤਾਨ ਦੀ ਜਨਤਾ ਨੂੰ ਜਾਗਰੂਕ ਕਰਨਾ ਸੀ। ਜਦੋਂ ਬ੍ਰਿਟਿਸ਼ ਸਰਕਾਰ ਨੇ ਹਿੰਦੁਸਤਾਨ ਦੀ ਜਨਤਾ ਖ਼ਿਲਾਫ਼ ਬਿੱਲ ਪਹਿਲਾਂ ਟਰੇਡ ਡਿਸਪਿਊਟ ਬਿੱਲ ਅਤੇ ਪਬਲਿਕ ਸੇਫਟੀ ਬਿੱਲ ਪਾਸ ਕਰਨ ਵਾਲੀ ਸੀ ਤਾਂ ਉਸ ਸਮੇਂ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਵਲੋਂ ਅਸੈਂਬਲੀ ਵਿੱਚ ਬੰਬ ਸੁੱਟੇ। ਭਗਤ ਸਿੰਘ ਦੇ ਬੰਬ ਸੁੱਟੇ ਜਾਣ ਦਾ ਉਦੇਸ਼ ਕਿਸੇ ਦੀ ਜਾਨ ਲੈਣਾ ਨਹੀਂ ਸੀ। ਜਿਸ ਤੋਂ ਬਾਅਦ ਭਗਤ ਸਿੰਘ ਉੱਥੋਂ ਨਹੀਂ ਗਏ ਤੇ ਉਹਨਾਂ ਨੇ ਆਪਣੀ ਗ੍ਰਿਫਤਾਰੀ ਦੇ ਦਿੱਤੀ। ਤੇ ਫੇਰ ਉਹਨਾਂ ਤੇ ਦੋ ਅਪਰਾਧਿਕ ਕੇਸ ਅਸੈਂਬਲੀ ਬੰਬ ਕੇਸ ਅਤੇ ਲਾਹੌਰ ਕਾਂਸਪਰੇਸੀ ਕੇਸ ਦਰਜ ਕੀਤੇ ਗਏ। ਜਿਸ ਤਹਿਤ ਉਹਨਾਂ ਨੂੰ 1931ਫਾਂਸੀ ਦੀ ਸਜ਼ਾ ਸੁਣਾਈ ਗਈ।
ਵਾਇਸਰਾਏ ਲਾਰਡ ਇਰਵਿਨ ,14 ਫਰਵਰੀ 1931ਨੂੰ ਜਦੋਂ ਬ੍ਰਿਟਿਸ਼ ਕੰਪਨੀ ਨੇ ਮਹਾਤਮਾ ਗਾਂਧੀ ਨੂੰ ਰਾਊਂਡ ਟੇਬਲ ਮੀਟਿੰਗ ਤੇ ਹਿੰਦੁਸਤਾਨ ਆਜ਼ਾਦੀ ਮੁੱਦੇ ਅਤੇ ਅੰਦੋਲਨ ਨਾ ਕਰਨ ਬਾਰੇ ਗੱਲਬਾਤ ਲਈ ਬੁਲਾਇਆ ਜਿਸ ਨੂੰ (ਗਾਂਧੀ -ਇਰਵਿਨ )ਪੈਕਟ ਕਿਹਾ ਜਾਂਦਾ ਹੈ ਤਾਂ ਉਸ ਸਮੇਂ ਸ਼ਹੀਦ- ਏ – ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਫਾਂਸੀ ਦੀ ਸਿਰਫ਼ ਸਜ਼ਾ ਸੁਣਾਈ ਗਈ ਸੀ,ਤਰੀਕ ਮੁਕੱਰਰ ਨਹੀਂ ਹੋਈ ਸੀ। ਮਹਾਤਮਾ ਗਾਂਧੀ ਦੇ ਅੰਦੋਲਨ ਨੂੰ ਰੋਕਣ ਲਈ ਬ੍ਰਿਟਿਸ਼ ਕੰਪਨੀ ਵਲੋਂ ਇਹ ਮੀਟਿੰਗ ਰੱਖੀ ਗਈ। ਜਿਸ ਵਿੱਚ ਸਾਰੇ ਹਿੰਦੁਸਤਾਨ ਦੀ ਜਨਤਾ ਦੀ ਮਹਾਤਮਾ ਗਾਂਧੀ ਨੂੰ ਇਹ ਅਪੀਲ ਸੀ ਕਿ ਉਹ ਭਗਤ ਸਿੰਘ ਦੀ ਫਾਂਸੀ ਦੀ ਸਜ਼ਾ ਨੂੰ ਮੁਆਫ਼ ਕਰਵਾ ਦੇਣ। ਫਾਂਸੀ ਦੀ ਸਜ਼ਾ ਰੋਕ ਦਿੱਤੀ ਜਾਵੇ। ਪਰੰਤੂ ਮੀਟਿੰਗ ਵਿੱਚ ਸਭ ਮਸਲਿਆਂ ਤੇ ਚਰਚਾ ਕੀਤੀ ਗਈ। ਪਰੰਤੂ ਭਗਤ ਸਿੰਘ ਦੀ ਫਾਂਸੀ ਰੱਦ ਕਰਵਾਉਣ ਦੀ ਕੋਈ ਵੀ ਗੰਭੀਰ ਵਿਚਾਰ ਚਰਚਾ ਨਹੀਂ ਕੀਤੀ ਗਈ। ਇਤਿਹਾਸਕਾਰਾਂ ਅਨੁਸਾਰ ਦੱਸਿਆ ਜਾਂਦਾ ਹੈ ਕਿ ਗਾਂਧੀ ਦੁਆਰਾ ਸਿਰਫ ਇੱਕ ਵਾਰ ਹੀ ਭਗਤ ਸਿੰਘ ਦੀ ਫਾਂਸੀ ਰੋਕਣ ਲਈ ਕਿਹਾ ਗਿਆ। ਪਰੰਤੂ ਜੇਕਰ ਗਾਂਧੀ ਵਲੋਂ ਅੰਗਰੇਜ਼ ਹਕੂਮਤ ਤੇ ਦਬਾਅ ਪਾਇਆ ਜਾਂਦਾ ਤਾਂ ਫਾਂਸੀ ਮੁਲਤਵੀ ਹੋ ਸਕਦੀ ਸੀ। ਕਿਉਂਕਿ ਉਸ ਸਮੇਂ ਹਿੰਦੁਸਤਾਨ ਵਿੱਚ ਕਾਂਗਰਸ ਪਾਰਟੀ ਕਾਫ਼ੀ ਮਜ਼ਬੂਤ ਤੇ ਸਰਗਰਮ ਸੀ। ਬ੍ਰਿਟਿਸ਼ ਕੰਪਨੀ ਦੀ ਕੋਈ ਵੀ ਰਾਊਂਡ ਟੇਬਲ ਮੀਟਿੰਗ ਕਾਂਗਰਸ ਪਾਰਟੀ ਦੀ ਗੈਰਮੌਜੂਦਗੀ ਨਾਲ ਖਾਰਿਜ ਹੋ ਜਾਂਦੀ ਸੀ। ਪਰ ਆਪਣੇ ਅਹਿੰਸਾ ਨਿਯਮਾਂ ਦੀ ਪਾਲਣਾ ਦੇ ਤਹਿਤ ਗਾਂਧੀ ਵਲੋਂ ਭਗਤ ਸਿੰਘ ਦੀ ਫਾਂਸੀ ਤੇ ਰੋਕ ਦੀ ਗੱਲ ਨੂੰ ਨਕਾਰ ਦਿੱਤਾ ਗਿਆ।ਕਹਿ ਸਕਦੇ ਹਾਂ ਕਿ ਮਹਾਤਮਾ ਗਾਂਧੀ ਭਗਤ ਸਿੰਘ ਦੀ ਫਾਂਸੀ ਤੇ ਰੋਕ ਦੀ ਕੋਸ਼ਿਸ਼ ਨਾਂਮਾਤਰ ਨਾਲ ਹੀ ਕੀਤੀ ਗਈ। ਕਿਉਂਕਿ ਗਾਂਧੀ ਮੁਤਾਬਿਕ ਭਗਤ ਸਿੰਘ ਨੇ ਕ੍ਰਾਂਤੀਕਾਰੀ ਲਹਿਰ ਲਈ ਹਿੰਸਾ ਦਾ ਰਾਸਤਾ ਚੁਣਿਆ।ਤੇ ਇਸ ਲਈ ਮਹਾਤਮਾ ਗਾਂਧੀ ਨੂੰ ਫਾਂਸੀ ਨੂੰ ਰੋਕਣ ਦੀ ਕੋਸ਼ਿਸ਼ ਉਹਨਾਂ ਨੂੰ ਆਪਣੇ ਅਹਿੰਸਾ ਨਿਯਮਾਂ ਦੀ ਖਿਲਾਫ਼ਤ ਲੱਗਦੀ ਸੀ।ਹਾਲਾਂਕਿ ਜਿਹੜੇ ਜੱਜ ਦੀ ਟੀਮ ਦੁਆਰਾ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਉਸ ਵਿੱਚ ਇੱਕ ਜੱਜ ਉਸ ਸਮੇਂ ਹਿੰਦੁਸਤਾਨੀ ਸੀ ਅਤੇ ਉਸ ਜੱਜ ਦਾ ਨਾਂ ਆਗਾ ਹੈਦਰ ਖਾਨ ਸੀ। ਜੋ ਭਗਤ ਸਿੰਘ ਨੂੰ ਫਾਂਸੀ ਦੇ ਹੱਕ ਵਿੱਚ ਨਹੀਂ ਸਨ। ਸਭ ਜੱਜਾਂ ਨੇ ਜਦੋਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਤਾਂ ਉਸ ਸਮੇਂ ਆਗਾ ਹੈਦਰ ਖਾਨ ਨੇ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਨਹੀਂ ਲਿਖੀ ਪਰ ਬਾਕੀ ਜੱਜਾਂ ਦੇ ਬਹੁਮਤ ਹੋਣ ਕਾਰਨ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਦੇ ਦਿੱਤੀ ਗਈ। ਜਿਸ ਤੋਂ ਬਾਅਦ ਆਗਾ ਹੈਦਰ ਖਾਨ ਨੇ ਜੱਜ ਦੀ ਪਦਵੀਂ ਤੋਂ ਅਸਤੀਫ਼ਾ ਦੇ ਦਿੱਤਾ। ਤੇ 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ।
ਪ੍ਰੀਤ ਕੌਰ ਜੱਗੀ।
ਫਗਵਾੜਾ।