ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਵਿਧਾਇਕ ਛੀਨਾ ਵਲੋਂ ਸ਼ਹੀਦਾਂ ਨੂੰ ਨਮਨ , ਜਗਰਾਓਂ ਪੁਲ ਸਥਿੱਤ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਂਟ
ਸਾਡੇ ਸ਼ਹੀਦਾਂ ਦੇ ਸੁਪਨੇ ਵਾਲੇ ਰੰਗਲਾ ਪੰਜਾਬ ਦੀ ਸਿਰਜਨਾ, ਆਮ ਆਦਮੀ ਪਾਰਟੀ ਦਾ ਮੁੱਖ ਟੀਚਾ – ਰਾਜਿੰਦਰ ਪਾਲ ਕੌਰ ਛੀਨਾ
ਲੁਧਿਆਣਾ, 28 ਸਤੰਬਰ (ਗੌਰਵ ਬੱਸੀ) – ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਜਗਰਾਓਂ ਪੁੱਲ ਸਥਿਤ ਸ਼ਹੀਦਾਂ ਦੀ ਪ੍ਰਤਿਮਾ ਅੱਗੇ ਸਿੱਜਦਾ ਕਰਨ ਪੁੱਜੇ, ਜਿੱਥੇ ਉਨ੍ਹਾਂ ਪੂਰੇ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਵਧਾਈ ਦਿੱਤੀ.
ਵਿਧਾਇਕ ਛੀਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਟੀਚਾ ਸਾਡੇ ਦੇਸ਼ ਦੇ ਮਹਾਨ ਸ਼ਹੀਦਾਂ ਦੇ ਸੁਪਨੇ ਵਾਲਾ ਰੰਗਲਾ ਪੰਜਾਬ ਦੀ ਸਿਰਜਣਾ ਕਰਨਾ ਹੈ, ਜਿਸ ਵਿੱਚ ਸਰਬ ਧਰਮ ਸਤਿਕਾਰ, ਜਾਤ-ਪਾਤ ਦਾ ਤਿਆਗ, ਸਾਮਰਾਜਵਾਦ ਅਤੇ ਪੂੰਜੀਵਾਦ ਦਾ ਅੰਤ ਸ਼ਾਮਲ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸ਼ਹੀਦਾਂ ਨੂੰ ਯਾਦ ਤਾਂ ਕਰ ਲੈਂਦੇਂ ਹਾਂ ਪਰ ਉਨ੍ਹਾਂ ਦੇ ਦੱਸੇ ਮਾਰਗ ਨੂੰ ਅਕਸਰ ਹੀ ਭੁੱਲ ਜਾਂਦੇ ਹਾਂ। ਉਨ੍ਹਾਂ ਦੱਸਿਆ ਕਿ ਸ਼ਹੀਦਾ ਨੂੰ ਯਾਦ ਰੱਖਣਾ ਅਜੋਕੀ ਪੀੜ੍ਹੀ ਦੇ ਲਈ ਬੇਹੱਦ ਲਾਜ਼ਮੀ ਹੈ, ਇਹੀ ਕਾਰਨ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਸਰਕਾਰੀ ਦਫਤਰਾਂ ਵਿੱਚ ਸਿਆਸੀ ਆਗੂਆਂ ਦੀ ਤਸਵੀਰਾਂ ਦੀ ਥਾਂ ‘ਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰਾਂ ਲਗਵਾਈਆਂ ਹਨ।
ਵਿਧਾਇਕ ਛੀਨਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਨੇ ਦੇਸ਼ ਦੇ ਲਈ 23 ਸਾਲ ਦੀ ਉਮਰ ਵਿੱਚ ਹੀ ਕੁਰਬਾਨੀ ਦੇ ਕੇ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਭਾਰਤ ਵਿੱਚੋਂ ਪੁੱਟ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਜਨਮ ਦਿਵਸ ਮੌਕੇ ਸਾਨੂੰ ਸਭ ਨੂੰ ਪ੍ਰਣ ਕਰਨ ਦੀ ਲੋੜ ਹੈ ਕਿ ਉਨ੍ਹਾ ਦੀ ਦੱਸੀ ਘਟੋ ਘੱਟ ਇਕ ਗੱਲ ‘ਤੇ ਜਰੂਰ ਹਰ ਕੋਈ ਅਮਲ ਕਰੇ। ਉਨ੍ਹਾਂ ਸ਼ਹੀਦ ਭਗਤ ਸਿੰਘ ਜੀ ਦੇ ਨਾਲ ਸੁਖਦੇਵ ਅਤੇ ਰਾਜਗੁਰੂ ਨੂੰ ਵੀ ਸ਼ਰਧਾਂਜਲੀ ਦਿੱਤੀ ਅਤੇ ਸਾਰਿਆਂ ਨੂੰ ਸ਼ਹੀਦਾਂ ਦਾ ਸਤਿਕਾਰ ਕਰਨ ਅਤੇ ਉਨਾਂ ਦੇ ਦੱਸੇ ਮਾਰਗ ਤੇ ਚੱਲਣ ਦੀ ਅਪੀਲ ਕੀਤੀ।
ਵਿਧਾਇਕ ਛੀਨਾ ਨੇ ਕਿਹਾ ਕਿ ਸਾਡੇ ਸ਼ਹੀਦਾਂ ਨੇ ਵੀ ਇਹੀ ਕਿਹਾ ਸੀ ਕਿ ਭਾਰਤ ਪੂਰੀ ਤਰ੍ਹਾਂ ਉਦੋਂ ਹੀ ਆਜ਼ਾਦ ਹੋਵੇਗਾ ਜਦੋਂ ਭਾਰਤ ਦੇ ਅੰਦਰ ਫੈਲੀਆਂ ਕਰੂਤੀਆਂ ਦੂਰ ਹੋਣਗੀਆਂ, ਚੰਗੇ ਸਮਾਜ ਦੀ ਸਿਰਜਣਾ ਹੋਵੇਗੀ, ਆਪਸੀ ਭਾਈਚਾਰਕ ਸਾਂਝ ਵਧੇਗੀ ਅਤੇ ਫਿਰਕੂਵਾਦੀ ਸੋਚ ‘ਤੇ ਠੱਲ ਪਵੇਗੀ।