ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਰਾਹੀਂ ਲੋਕ ਖੁੱਲ ਕੇ ਦੱਸਣ ਸ਼ਿਕਾਇਤਾਂ ਅਤੇ ਕਰਵਾਉਣ ਕੰਮ : ਸੰਧਵਾਂ
ਸਪੀਕਰ ਸੰਧਵਾਂ ਨੇ ਲਗਾਤਾਰ 6 ਘੰਟੇ ਸ਼ਿਕਾਇਤਾਂ ਸੁਣ ਕੇ ਉਨ੍ਹਾਂ ਦਾ ਕੀਤਾ ਹੱਲ!
ਕੋਟਕਪੂਰਾ, 18 ਅਗਸਤ (ਮਨਪ੍ਰੀਤ ਸਿੰਘ ਅਰੋੜ ) ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਇਹ ਸੋਚ ਕੇ ਚਲਾਇਆ ਸੀ ਕਿ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਜਲੀਲ ਨਾ ਹੋਣਾ ਪਵੇ ਅਤੇ ਲੋਕਾਂ ਦੇ ਦਰਾਂ ’ਤੇ ਪੁੱਜੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲੋਕ ਆਪਣੀਆਂ ਤਕਲੀਫਾਂ ਦੱਸ ਸਕਣ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਹੋਣ ਪਰ ਲੋਕ ਅਜੇ ਐਨੇ ਜਾਗਰੂਕ ਨਹੀਂ ਹੋਏ, ਜਿਸ ਕਰਕੇ ਉਹ ਤਸੱਲੀਬਖਸ਼ ਗਿਣਤੀ ਵਿੱਚ ਅਜਿਹੇ ਪ੍ਰੋਗਰਾਮਾਂ ਵਿੱਚ ਹਾਜਰੀ ਨਹੀਂ ਭਰਦੇ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਸਥਾਨਕ ਨਗਰ ਕੌਂਸਲ ਵਿਖੇ ਲਗਾਤਾਰ 6 ਘੰਟੇ ਹਲਕੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮੌਕੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਐਲਾਨੀਆਂ ਆਖਿਆ ਕਿ ਜਿਸ ਨੇ ਮੈਨੂੰ ਵੋਟਾਂ ਨਹੀਂ ਪਾਈਆਂ ਅਤੇ ਵਾਰ-ਵਾਰ ਵੋਟਾਂ ਦੌਰਾਨ ਮੇਰਾ ਵਿਰੋਧ ਕੀਤਾ, ਉਹ ਵੀ ਜਾਇਜ ਕੰਮ ਕਰਵਾਉਣ ਲਈ ਮੇਰੇ ਨਾਲ ਸੰਪਰਕ ਕਰ ਸਕਦਾ ਹੈ, ਕਿਸੇ ਨਾਲ ਕੋਈ ਵਿਤਕਰੇਬਾਜੀ ਨਹੀਂ ਹੋਵੇਗੀ।
ਸਪੀਕਰ ਸੰਧਵਾਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਘੜੰਮ ਚੋਧਰੀ ਨਹੀਂ, ਜਿਸ ਦੀ ਤੁਹਾਨੂੰ ਸਿਫਾਰਸ਼ ਦੀ ਲੋੜ ਪਵੇ, ਕਿਉਂਕਿ ਪਹਿਲਾਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਮੌਕੇ ਰਵਾਇਤੀ ਪਾਰਟੀਆਂ ਦੇ ਘੜੰਮ ਚੋਧਰੀਆਂ ਦੀਆਂ ਸਿਫਾਰਸ਼ਾਂ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਸੀ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਜਿਹੇ ਕਿਸੇ ਵੀ ਘੜੰਮ ਚੋਧਰੀ ਨੂੰ ਮਾਨਤਾ ਨਹੀਂ ਦਿੱਤੀ ਗਈ ਅਤੇ ਮੁੱਖ ਮੰਤਰੀ ਸਮੇਤ ਸਾਰੇ ਮੰਤਰੀ ਅਤੇ ਵਿਧਾਇਕ ਖੁਦ ਲੋਕਾਂ ਨਾਲ ਨੇੜਤਾ ਬਣਾ ਕੇ ਰੱਖਦੇ ਹਨ।