ਸਪੀਕਰ ਸੰਧਵਾਂ ਨੇ ਕੋਟਕਪੂਰਾ ਦੇ ਸੰਗਮ ਪੈਲੇਸ ਵਿਖੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ
ਫ਼ਰੀਦਕੋਟ, 19 ਅਗਸਤ(ਮਨਪ੍ਰੀਤ ਸਿੰਘ ਅਰੋੜਾ) ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕੋਟਕਪੂਰਾ ਵਿਖੇ ਇੱਕ ਮੀਟਿੰਗ ’ਚ ਪਾਰਟੀ ਦੇ ਢਾਂਚੇ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਅਤੇ ਪਿੰਡਾਂ ’ਚ ਵਿਕਾਸ ਦੇ ਕੰਮਾਂ ਨੂੰ ਲੈ ਕੇ ਵੀ ਚਰਚਾ ਕੀਤੀ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ਆਮ ਆਦਮੀ ਪਾਰਟੀ ਦੀ ਕੈਬਨਿਟ ਨੇ ਪਹਿਲੇ ਦਿਨ ਹੀ ਇਹ ਫੈਸਲਾ ਕੀਤਾ ਸੀ ਕਿ ਪਾਰਟੀ ਵਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਕਿਸੇ ਨਾਲ ਵਿਤਕਰੇਬਾਜੀ ਨਹੀਂ ਕੀਤੀ ਜਾਵੇਗੀ ।ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹਰ ਵਿਕਾਸ ਦੇ ਕੰਮ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੀਤਾ ਜਾ ਰਿਹਾ ਹੈ ।
ਉਨ੍ਹਾ ਕਿਹਾ ਕਿ ਪੰਜਾਬ ਵਿਚ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਹੈ ਅਤੇ ਹੁਣ ਨਵੀਂਆਂ ਪੰਚਾਇਤਾਂ ਬਨਣਗੀਆਂ । ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਨਾਮ ਰਾਸ਼ਨ ਕਾਰਡ ਵਿੱਚੋਂ ਕਟਵਾ ਦਿੱਤੇ ਗਏ ਸਨ ਉਨ੍ਹਾਂ ਸਾਰਿਆਂ ਜਾਇਜ਼ ਲੋਕਾਂ ਦੇ ਕਾਰਡ ਬਣਵਾਏ ਜਾਣਗੇ। ਸਪੀਕਰ ਸੰਧਵਾਂ ਨੇ ਇਹ ਵੀ ਕਿਹਾ ਕੇ ਜਿਨ੍ਹਾਂ ਲੋਕਾਂ ਨੇ ਜਰੂਰਤਮੰਦ ਲੋਕਾਂ ਦੇ ਨਾਮ ਰਾਸ਼ਨ ਕਾਰਡਾਂ ਵਿਚੋਂ ਕਟਵਾਏ ਹਨ, ਉਨ੍ਹਾਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ।
ਨਸ਼ਿਆਂ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਖੁਦ ਵੀ ਸਮਝਣਾ ਚਾਹੀਦਾ ਹੈ ਕਿ ਲੋਕਾਂ ਦੇ ਘਰਾਂ ਵਿੱਚ ਸੱਥਰ ਵਿਛਾਉਣ ਵਾਲੇ ਖੁਦ ਕਦੇ ਵੀ ਸੁਖੀ ਨਹੀਂ ਰਹਿ ਸਕਦੇ। ਉਹਨਾਂ ਹਦਾਇਤ ਕੀਤੀ ਕਿ ਮੁਹੱਲਾ ਪੱਧਰ ’ਤੇ ਨਸ਼ਾ ਵਿਰੋਧੀ ਕਮੇਟੀਆਂ ਦਾ ਗਠਨ ਕੀਤਾ ਜਾਵੇ ਅਤੇ ਨਸ਼ੇ ਦੀ ਗਿ੍ਰਫਤ ਵਿੱਚ ਆ ਚੁੱਕੇ ਨੌਜਵਾਨਾਂ ਜਾਂ ਬੱਚਿਆਂ ਦੀ ਕਾਉਂਸਲਿੰਗ ਕਰਕੇ ਉਹਨਾ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਯਤਨ ਆਰੰਭੇ ਜਾਣ।