ਸਪੀਕਰ ਵਿਧਾਨ ਸਭਾ ਨੇ ਸਵਾ ਨੌ ਕਨਾਲ ਵਾਲੇ ਸਫ਼ਲ ਕਿਸਾਨ ਦੇ ਘਰ ਅਤੇ ਖੇਤ ਦਾ ਕੀਤਾ ਦੌਰਾ
ਕੋਟਕਪੂਰਾ 26 ਅਗਸਤ (ਮਨਪ੍ਰੀਤ ਸਿੰਘ ਅਰੋੜਾ)ਸਪੀਕਰ ਵਿਧਾਨ ਸਭਾ, ਸ. ਕੁਲਤਾਰ ਸਿੰਘ ਸੰਧਵਾਂ ਨੇ ਸ਼ਨੀਵਾਰ ਨੂੰ ਸ. ਜੋਰਾਵਰ ਸਿੰਘ ਅਗਾਂਹਵਧੂ ਕਿਸਾਨ ਦੇ ਘਰ ਅਤੇ ਖੇਤ ਦਾ ਦੌਰਾ ਕੀਤਾ। ਉਹਨਾਂ ਦੱਸਿਆ ਕਿ ਇਹ ਕਿਸਾਨ ਸੰਯੁਕਤ ਖੇਤੀ ਕਰਦਾ ਹੈ, ਜਿਸ ਵਿੱਚ 30 ਕਿਸਮਾਂ ਦੇ ਫਲਦਾਰ ਬੂਟੇ, ਹਰ ਕਿਸਮ ਦੀ ਸਾਰਾ ਸਾਲ ਸਬਜ਼ੀ, ਗੰਨਾ ਅਤੇ ਬਿਨਾ ਕੱਦੂ ਕੀਤਾ ਝੋਨਾ ਪੀ ਆਰ 126 ਲਗਾਉਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕਿਸਾਨ ਮੁਕੰਮਲ ਜੈਵਿਕ ਖੇਤੀ ਕਰਦਾ ਹੈ ਅਤੇ ਇਸ ਨੇ ਕਦੇ ਪਰਾਲੀ ਨੂੰ ਅੱਗ ਨਹੀਂ ਲਾਈ ਅਤੇ ਫਸਲਾਂ ਦੀ ਫਸਲਾਂ ਦੀ ਰਹਿੰਦ ਖੂੰਦ ਨੂੰ ਜਮੀਨ ਵਿਚ ਵਰਤਦਾ ਹੈ ਅਤੇ ਨਾ ਹੀ ਕੋਈ ਕੀੜੇਮਾਰ ਦਵਾਈ ਸਪਰੇਅ ਕਰਦਾ ਹੈ । ਉਨ੍ਹਾਂ ਦੱਸਿਆ ਕਿ ਇਹ ਕਿਸਾਨ ਹਰ ਉਪਜ ਦਾ ਮੰਡੀਕਰਨ ਆਪ ਕਰਦਾ ਹੈ ਸਾਰਾ ਕੰਮ ਹੱਥੀਂ ਕਰਦਾ ਹੈ ਅਤੇ ਸਾਲ ਵਿੱਚ ਤਿੰਨ ਫ਼ਸਲਾਂ ਲੈਂਦਾ ਹੈ ਅਤੇ ਸਾਰੀ ਆਮਦਨ ਖੇਤੀ ਤੋਂ ਹੀ ਕਰਦਾ ਹੈ।
ਸਪੀਕਰ ਸੰਧਵਾਂ ਨੇ ਪੰਜਾਬ ਦੇ ਸਾਰੇ ਛੋਟੇ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਸੰਯੁਕਤ ਖੇਤੀ ਕਰਕੇ ਵੱਧ ਮੁਨਾਫ਼ਾ ਲੈਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਪੰਜਾਬ ਸਰਕਾਰ ਸਪੈਸ਼ਲ ਸਹਾਇਤਾ ਕਰੇਗੀ ਅਤੇ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀ ਵਿਭਾਗ ਰਲ ਕੇ ਸਾਰੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਸੰਯੁਕਤ ਖੇਤੀ ਮਾਡਲ ਤਿਆਰ ਕਰਵਾਉਣਗੇ। ਉਹਨਾਂ ਕਿਹਾ ਕਿ ਹੱਥੀਂ ਕੰਮ ਕਰਨ ਅਤੇ ਸਹੀ ਸੋਚ ਵਾਲਾ ਆਦਮੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੇ ਸਿਧਾਂਤ ਕਿਰਤ ਕਰਨ,ਨਾਮ ਜਪਣ ਅਤੇ ਵੰਡ ਛਕਣ ਤੇ ਚੱਲਦਿਆਂ ਛੋਟੇ ਕਿਸਾਨ ਸ. ਜ਼ੋਰਾਵਰ ਸਿੰਘ ਦੀ ਕਾਰਜ ਸ਼ੈਲੀ ਤੋਂ ਸੇਧ ਲੈਣਾ ਸਮੇਂ ਦੀ ਲੋੜ ਹੈ।