ਫਗਵਾੜਾ 15 ਅਪ੍ਰੈਲ ( ਪ੍ਰੀਤੀ ਜੱਗੀ ) ਪੰਜਾਬ ਵਿਧਾਨਸਭਾ ‘ਚ ਵਿਰੋਧੀ ਧਿਰ ਦੇ ਲੀਡਰ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਪੰਜਾਬ ਪੁਲਿਸ ਵਲੋਂ ਦਰਜ ਕੀਤੀ ਗਈ ਐਫ.ਆਈ.ਆਰ. ਦੀ ਸਖ਼ਤ ਨਖੇਦੀ ਕਰਦਿਆਂ ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾ. ਆਈ.ਏ.ਐਸ.) ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੱਤਾ ਦੇ ਨਸ਼ੇ ‘ਚ ਚੂਰ ਹੋ ਕੇ ਆਪਣੇ ਸਿਆਸੀ ਹਿਤਾਂ ਲਈ ਸਰਕਾਰੀ ਮਸ਼ੀਨਰੀ ਦੀ ਸਰੇਆਮ ਦੁਰਵਰਤੋਂ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ‘ਚ ਵਿਗੜਦੀ ਕਾਨੂੰਨ ਵਿਵਸਥਾ ਅਤੇ ਪੁਲਿਸ ਥਾਣਿਆਂ ਤੇ ਸਿਆਸੀ ਆਗੂਆਂ ਦੇ ਘਰਾਂ ਉੱਤੇ ਹੋ ਰਹੇ ਗ੍ਰਨੇਡ ਹਮਲਿਆਂ ਬਾਰੇ ਕਾਂਗਰਸ ਪਾਰਟੀ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਮੁੱਖ ਮੰਤਰੀ ਭਗਵੰਤ ਮਾਨ ਬਾਜਵਾ ਖਿਲਾਫ ਐਫ.ਆਈ.ਆਰ. ਦਰਜ ਕਰਕੇ ਕਾਂਗਰਸ ਪਾਰਟੀ ਨੂੰ ਡਰਾਉਣ ਦਾ ਯਤਨ ਕਰ ਰਹੇ ਹਨ। ਮੁੱਖ ਮੰਤਰੀ ਪੰਜਾਬ ਵਲੋਂ ਇਸ ਮੁੱਦੇ ਨੂੰ ਲੈ ਕੇ ਕੀਤੀ ਜਾ ਰਹੀ ਬਿਆਨਬਾਜੀ ਨੂੰ ਸਖ਼ਤ ਇਤਰਾਜਯੋਗ ਅਤੇ ਹੇਠਲੇ ਦਰਜੇ ਦੀ ਕਰਾਰ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ ਭਗਵੰਤ ਮਾਨ ਨਤੀਜੇ ਭੁਗਤਣ ਦੀਆਂ ਜੋ ਧਮਕੀ ਦੇ ਰਹੇ ਹਨ, ਉਸਦਾ ਠੋਕਵਾਂ ਜਵਾਬ ਪੰਜਾਬ ਦੀ ਜਨਤਾ ਆਪ ਪਾਰਟੀ ਨੂੰ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੇ ਦਬਾਅ ਦੇ ਤਰੀਕਿਆਂ ਨਾਲ ਆਪਣੇ ਵਿਰੋਧੀਆਂ ਨੂੰ ਚੁੱਪ ਨਹੀਂ ਕਰਵਾ ਸਕਦੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਰੱਖਿਆ ਖਤਰਿਆਂ ਬਾਰੇ ਬਾਜਵਾ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਬਾਰੇ ਜਾਣੂ ਹੋਣਾ ਚਾਹੀਦਾ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਮ ਨਾਗਰਿਕਾਂ ਦੀ ਸੁਰੱਖਿਆ ’ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ, ਮਾਨ ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਪੁਲਿਸ ਫੋਰਸ ਦੀ ਵਰਤੋਂ ਕਰ ਰਹੀ ਹੈ। ਲੇਕਿਨ ਪੂਰੀ ਕਾਂਗਰਸ ਪਾਰਟੀ ਬਾਜਵਾ ਦੇ ਨਾਲ ਡਟ ਕੇ ਖੜੀ ਹੈ। ‘ਆਪ’ ਪਾਰਟੀ ਨੂੰ ਸੱਤਾ ਤੋਂ ਅਲਵਿਦਾ ਹੋਣ ‘ਚ ਦੋ ਸਾਲ ਦਾ ਸਮਾਂ ਵੀ ਬਾਕੀ ਨਹੀਂ ਹੈ ਅਤੇ ਕਾਂਗਰਸ ਪਾਰਟੀ ‘ਝਾੜੂ’ ਵਾਲੀ ਸਰਕਾਰ ਦੇ ਜਬਰ ਜੁਲਮ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹਨਾਂ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਤਾੜਨਾ ਕੀਤੀ ਕਿ ਭਗਵੰਤ ਮਾਨ ਸਰਕਾਰ ਦੇ ਦਬਾਅ ਹੇਠ ਕੋਈ ਵੀ ਅਜਿਹੀ ਗਲਤ ਕਾਰਵਾਈ ਨਾ ਕੀਤੀ ਜਾਵੇ, ਜਿਸਦਾ ਜਵਾਬ ਸੂਬੇ ਵਿਚ ਕਾਂਗਰਸ ਪਾਰਟੀ ਦੀ ਸੱਤਾ ਆਉਣ ਸਮੇਂ ਦੇਣਾ ਮੁਸ਼ਕਲ ਹੋ ਜਾਵੇ।