ਵਾਰਡ ਨੰਬਰ 91 ‘ਚ ਸੀਵਰ ਤੇ ਮੀਂਹ ਦੇ ਪਾਣੀ ਦੀ ਸੰਭਾਲ ਸਬੰਧੀ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ !
ਲੁਧਿਆਣਾ, 31 ਅਕਤੂਬਰ (ਮਨਪ੍ਰੀਤ ਸਿੰਘ ਅਰੋੜਾ) – ਵਿਧਾਨ ਸਭਾ ਹਲਕਾ ਉੱਤਰੀ ਦੇ ਵਾਰਡ ਨੰਬਰ 93 (ਪੁਰਾਣਾ 94) ਅਧੀਨ ਜੈਨ ਕਲੋਨੀ ਅਤੇ ਨਿਊ ਪ੍ਰਤਾਪ ਨਗਰ ਵਿੱਚ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਹਲਕਾ ਵਿਧਾਇਕ ਮਦਨ ਲਾਲ ਬੱਗਾ ਨੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ। ਇਸ ਪ੍ਰੋਜੈਕਟ ‘ਤੇ ਕਰੀਬ 50 ਲੱਖ ਰੁਪਏ ਖਰਚ ਕੀਤੇ ਜਾਣਗੇ।
ਇਸ ਤੋਂ ਇਲਾਵਾ ਉਨ੍ਹਾਂ ਵਾਰਡ ਨੰਬਰ 91 (ਪੁਰਾਣਾ 90) ਵਿਖੇ ਸਟੋਰਮ ਸੀਵਰ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਵਾਲੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਜਿਸ ‘ਤੇ ਕਰੀਬ 35 ਲੱਖ ਰੁਪਏ ਦੀ ਲਾਗਤ ਆਵੇਗੀ।
ਵਿਧਾਇਕ ਬੱਗਾ ਵਲੋਂ ਆਪਣੇ ਕਾਰਜਕਾਲ ਦੌਰਾਨ ਵਿਧਾਨ ਸਭਾ ਉਤਰੀ ਵਿੱਚ ਹੋਏ ਵਿਕਾਸ ਕਾਰਜਾਂ ਦੀ ਚਰਚਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਕਸਦ ਸੂਬੇ ਖਾਸ ਕਰਕੇ ਵਿਧਾਨ ਸਭਾ ਉਤਰੀ ਦਾ ਬਹੁਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਆਪਣੇ ਵਲੋਂ ਤਿਆਰ ਕੀਤੀਆਂ ਵਿਕਾਸ ਲਈ ਭਵਿੱਖ ਦੀਆਂ ਯੋਜਨਾਵਾਂ ਅਤੇ ਆਪਣੇ ਸੁਪਨਿਆਂ ਦੇ ਪ੍ਰੋਜੈਕਟਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਧਾਨ ਸਭਾ ਉੱਤਰੀ ਦੇ ਵਿਚਕਾਰੋਂ ਲੰਘਦੇ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਰਹਿਤ ਬਣਾ ਕੇ ਸਾਫ਼ ਸੁਥਰਾ ਵਾਤਾਵਰਨ ਪ੍ਰਦਾਨ ਕਰਨਾ ਉਨ੍ਹਾਂ ਦਾ ਪੁਰਾਣਾ ਸੁਪਨਾ ਹੈ, ਜਿਸ ਲਈ ਕੋਸ਼ਿਸ਼ਾਂ ਜਾਰੀ ਹਨ।
ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਕਾਸ ਲਈ 24 ਘੰਟੇ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰਕੇ ਲਿਖਤੀ ਜਾਂ ਫ਼ੋਨ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਆਪਣੇ ਚੋਣ ਵਾਅਦੇ ਨੂੰ ਯਾਦ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਇੰਤਜ਼ਾਰ ਕੀਤੇ ਬਿਨ੍ਹਾਂ ਹੀ ਵਿਧਾਇਕ ਜਨਤਾ ਦੇ ਦੁਆਰ ਪ੍ਰੋਗਰਾਮ ਤਹਿਤ ਬਿਨਾਂ ਕਿਸੇ ਸ਼ਿਕਾਇਤ ਦੇ ਆਪਣੇ ਤੌਰ ‘ਤੇ ਨੋਟਿਸ ਲੈ ਕੇ ਹਰ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੱਗਾ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਜਨਤਾ ਨੇ ਇੱਕ ਵਾਰ ਝਾੜੂ ਦਾ ਬੱਟਨ ਦਬਾ ਕੇ ਉਹਨਾਂ ਨੂੰ ਵਿਧਾਇਕ ਬਣਾਇਆ ਤੇ ਉਹ ਹਰ ਰੋਜ ਵਿਕਾਸ ਦੇ ਤਿੰਨ-ਤਿੰਨ ਬਟਨ ਦਬਾ ਕੇ ਜਨਤਾ ਵਲੋਂ ਦਿੱਤੇ ਪਿਆਰ ਦਾ ਮੁੱਲ ਮੋੜ ਰਹੇ ਹਨ।
——-