ਵਿਧਾਇਕ ਬੱਗਾ ਵਲੋਂ ਆਪਣੀ ਇੱਕ ਮਹੀਨੇ ਦੀ ਤਨਖਾਹ ਦਾ ਚੈਕ ਰਾਹਤ ਫੰਡ ਵਜੋਂ ਮੁੱਖ ਮੰਤਰੀ ਨੂੰ ਸੌਂਪਿਆ
-ਕਿਹਾ! ਔਖੀ ਘੜੀ ਚ ਲੋਕਾਂ ਨਾਲ ਖੜ੍ਹਨਾ ਮਨੁੱਖਤਾ ਦੀ ਸੱਚੀ ਸੇਵਾ
ਲੁਧਿਆਣਾ, 21 ਅਗਸਤ (ਮਨਪ੍ਰੀਤ ਸਿੰਘ ਅਰੋੜਾ) ਹੜ੍ਹ ਪ੍ਰਭਾਵਿਤ ਲੋਕਾਂ ਦੇ ਸਹਿਯੋਗ ਲਈ ਵਿਧਾਨ ਸਭਾ ਹਲਕਾ ਉੱਤਰੀ ਤੋ ਵਿਧਾਇਕ ਮਦਨ ਲਾਲ ਬੱਗਾ ਅੱਗੇ ਆਏ ਹਨ। ਉਨ੍ਹਾਂ ਹੜ੍ਹ ਪੀੜ੍ਹਤ ਲੋਕਾਂ ਦੀ ਮਦਦ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਦਾ ਚੈਕ ਰਾਹਤ ਫੰਡ ਵਜੋਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਨੂੰ ਸੌਂਪਿਆ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸਾਡੇ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਰਕੇ ਪੰਜਾਬ ਨੂੰ ਪਾਣੀ ਦੀ ਮਾਰ ਝੱਲਣੀ ਪਈ ਹੈ। ਇਸ ਕੁਦਰਤੀ ਆਫ਼ਤ ਦੇ ਰੂਪ ਵਿੱਚ ਆਏ ਹੜ ਨੇ ਜਿੱਥੇ ਭਾਰੀ ਨੁਕਸਾਨ ਕੀਤਾ ਹੈ ਉੱਥੇ ਹੀ ਵੱਡੇ ਪੱਧਰ ਤੇ ਪੰਜਾਬ ਸਰਕਾਰ, ਸਮਾਜਸੇਵੀ ਸੰਸਥਾਵਾਂ ਪੰਜਾਬ ਦੇ ਆਮ ਲੋਕ ਹੜ ਪੀੜਿਤਾਂ ਦੀ ਮਦਦ ਵਿੱਚ ਲੱਗੇ ਹੋਏ ਹਨ ਜੋ ਸਾਡਾ ਸਭ ਦਾ ਫ਼ਰਜ਼ ਵੀ ਬਣਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਔਖੀ ਘੜੀ ਵਿੱਚ ਪੰਜਾਬੀ ਮਦਦ ਕਰਨ ਲਈ ਦੁਨੀਆਂ ਭਰ ਵਿੱਚ ਮੋਹਰੀ ਰੋਲ ਅਦਾ ਕਰਨ ਵਜੋਂ ਜਾਣੇ ਜਾਂਦੇ ਹਨ ਅਤੇ ਪੰਜਾਬ ਸਰਕਾਰ ਵਲੋਂ ਵੀ ਜ਼ਮੀਨੀ ਪੱਧਰ ‘ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
ਵਿਧਾਇਕ ਬੱਗਾ ਨੇ ਕਿਹਾ ਕਿ ਉਨ੍ਹਾਂ ਵਲੋ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋ ਪਹਿਲੇ ਦਿਨ ਤੋ ਹੀ ਆਪਣਾ ਫਰਜ਼ ਸਮਝ ਕੇ ਸੇਵਾ ਕੀਤੀ ਜਾ ਰਹੀ ਹੈ. ਉਨ੍ਹਾਂ ਕਿਹਾ ਕਿ ਔਖੀ ਘੜ੍ਹੀ ‘ਚ ਲੋਕਾਂ ਦਾ ਸਹਿਯੋਗ ਕਰਨਾ ਹੀਂ ਮਨੁੱਖਤਾ ਦੀ ਸੱਚੀ ਸੇਵਾ ਹੈ ਜਿਸ ਲਈ ਸਾਨੂੰ ਸਾਰਿਆ ਨੂੰ ਅੱਗੇ ਆਉਣਾ ਚਾਹੀਦਾ ਹੈ।