ਵਿਧਾਇਕ ਪਰਾਸ਼ਰ ਨੇ ਵਾਰਡ ਨੰਬਰ 74 ਦੇ ਵੱਖ-ਵੱਖ ਇਲਾਕਿਆਂ ਵਿੱਚ ਗਲੀਆਂ ਬਣਾਉਣ ਅਤੇ ਪਾਣੀ-ਸੀਵਰੇਜ ਲਾਈਨਾਂ ਪਾਉਣ ਦੇ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ
ਲੁਧਿਆਣਾ, 30 ਅਕਤੂਬਰ (ਮਨਪ੍ਰੀਤ ਸਿੰਘ ਅਰੋੜਾ) ਵਾਰਡ ਨੰਬਰ 74 (ਪੁਰਾਣਾ ਵਾਰਡ ਨੰ. 51) ਵਿੱਚ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਤੇਜ਼ ਕਰਦਿਆਂ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸੋਮਵਾਰ ਨੂੰ ਵਾਰਡ ਦੇ ਵੱਖ-ਵੱਖ ਇਲਾਕਿਆਂ ਵਿੱਚ ਗਲੀਆਂ ਦੇ ਪੁਨਰ ਨਿਰਮਾਣ ਅਤੇ ਨਵੀਆਂ ਪਾਣੀ-ਸੀਵਰੇਜ ਲਾਈਨਾਂ ਪਾਉਣ ਲਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ।
ਵਿਧਾਇਕ ਪਰਾਸ਼ਰ ਨੇ ਨਿਰੰਕਾਰੀ ਮੁਹੱਲਾ, ਮੁਰਾਦਪੁਰਾ ਅਤੇ ਨਾਨਕਪੁਰੀ ਵਿੱਚ ਗਲੀਆਂ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕੀਤਾ। ਇਹ ਪ੍ਰਾਜੈਕਟ 61.74 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਵਿਧਾਇਕ ਨੇ ਕਬੀਰ ਬਸਤੀ ਵਿੱਚ ਨਵੀਂ ਪਾਣੀ-ਸੀਵਰ ਲਾਈਨ ਪਾਉਣ ਦਾ ਪ੍ਰਾਜੈਕਟ ਵੀ ਸ਼ੁਰੂ ਕੀਤਾ। ਸੀਵਰੇਜ ਲਾਈਨਾਂ 13.22 ਲੱਖ ਰੁਪਏ ਦੀ ਲਾਗਤ ਨਾਲ ਵਿਛਾਈਆਂ ਜਾ ਰਹੀਆਂ ਹਨ। ਵਿਧਾਇਕ ਪਰਾਸ਼ਰ ਨੇ ਵਾਰਡ ਦੇ ਵੱਖ-ਵੱਖ ਇਲਾਕਿਆਂ ਦੇ ਦੌਰੇ ਦੌਰਾਨ ਇਲਾਕਾ ਨਿਵਾਸੀਆਂ ਤੋਂ ਫੀਡਬੈਕ ਵੀ ਲਿਆ।
ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਲੁਧਿਆਣਾ ਕੇਂਦਰੀ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਲਾਕਾ ਵਾਸੀਆਂ ਦੀ ਸਹੂਲਤ ਲਈ ਹੋਰ ਵੀ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ।
ਵਿਧਾਇਕ ਪਰਾਸ਼ਰ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਮਿਆਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਸਖ਼ਤ ਯਤਨ ਕੀਤੇ ਜਾ ਰਹੇ ਹਨ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੰਮਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ।