ਵਿਧਾਇਕ ਪਰਾਸ਼ਰ ਨੇ ਕੇਂਦਰੀ ਹਲਕੇ ਦੇ ਵੱਖ-ਵੱਖ ਵਾਰਡਾਂ ਵਿੱਚ 1.30 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ!
ਲੁਧਿਆਣਾ, 1 ਫਰਵਰੀ:( ਮਨਪ੍ਰੀਤ ਸਿੰਘ ਅਰੋੜਾ) ਹਲਕਾ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਵੀਰਵਾਰ ਨੂੰ ਹਲਕੇ ਦੇ ਵੱਖ-ਵੱਖ ਵਾਰਡਾਂ ਵਿੱਚ ਕਰੀਬ 1.30 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।
ਇਨ੍ਹਾਂ ਵਿੱਚ ਬਾਬਾ ਥਾਨ ਸਿੰਘ ਚੌਕ ਤੋਂ ਸਮਰਾਲਾ ਚੌਕ ਤੱਕ ਸੜਕ ਦੀ ਸੈਂਟਰਲ ਵਰਜ ਬਣਾਉਣ ਦਾ ਪ੍ਰਾਜੈਕਟ ਵੀ ਸ਼ਾਮਲ ਹੈ। ਇਹ ਪ੍ਰੋਜੈਕਟ ਲਗਭਗ 96.30 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ।
ਵਿਧਾਇਕ ਪਰਾਸ਼ਰ ਨੇ ਬਰਾਊਨ ਰੋਡ (ਨੇੜੇ ਡਵੀਜ਼ਨ ਨੰਬਰ 2 ਪੁਲਿਸ ਸਟੇਸ਼ਨ) ਅਤੇ ਸਰਕੂਲਰ ਰੋਡ (ਮਾਧੋਪੁਰੀ) ਵਿੱਚ ਟਿਊਬਵੈੱਲ ਲਗਾਉਣ ਲਈ ਦੋ ਪ੍ਰੋਜੈਕਟਾਂ ਦੀ ਸ਼ੁਰੂਆਤ ਵੀ ਕੀਤੀ। ਇਸ ਤੋਂ ਇਲਾਵਾ ਵਿਧਾਇਕ ਨੇ ਘਾਟੀ ਮੁਹੱਲਾ ਅਤੇ ਕਲਿਆਣ ਨਗਰ (ਨੇੜੇ ਕਮਲਾ ਲੋਹਟੀਆ ਕਾਲਜ) ਵਿੱਚ ਲਗਾਏ ਗਏ ਦੋ ਟਿਊਬਵੈੱਲਾਂ ਦਾ ਉਦਘਾਟਨ ਵੀ ਕੀਤਾ। ਇਨ੍ਹਾਂ ਚਾਰਾਂ ਪ੍ਰਾਜੈਕਟਾਂ ਦੀ ਕੁੱਲ ਲਾਗਤ ਲਗਭਗ 34 ਲੱਖ ਰੁਪਏ ਹੈ।
ਵਿਧਾਇਕ ਪਰਾਸ਼ਰ ਨੇ ਕਿਹਾ ਕਿ ਹਲਕਾ ਲੁਧਿਆਣਾ ਕੇਂਦਰੀ ਵਿੱਚ ਸ਼ਹਿਰ ਵਾਸੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਨ੍ਹਾਂ ਟਿਊਬਵੈੱਲਾਂ ਦੀ ਸਥਾਪਨਾ ਨਾਲ ਇਨ੍ਹਾਂ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਸੁਚਾਰੂ ਬਣਾਇਆ ਜਾਵੇਗਾ।
ਬਾਬਾ ਥਾਨ ਸਿੰਘ ਚੌਂਕ ਤੋਂ ਸਮਰਾਲਾ ਚੌਂਕ ਤੱਕ ਸੈਂਟਰਲ ਵਰਜ ਬਣਾਉਣ ਦਾ ਪ੍ਰੋਜੈਕਟ ਨਾ ਸਿਰਫ ਇਲਾਕੇ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਏਗਾ ਸਗੋਂ ਸੁੰਦਰੀਕਰਨ ਵਿੱਚ ਵੀ ਸਹਾਈ ਹੋਵੇਗਾ।
ਵਿਧਾਇਕ ਪਰਾਸ਼ਰ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਕੇਂਦਰੀ ਹਲਕੇ ਵਿੱਚ ਕਰੋੜਾਂ ਰੁਪਏ ਦੇ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ।
——