ਫਗਵਾੜਾ, 19 ਅਪੈ੍ਰਲ ( ਪ੍ਰੀਤੀ ਜੱਗੀ)-ਰਾਸ਼ਟਰੀ ਅਲਪ ਸੰਖਿਅਕ ਆਕਰਸ਼ਨ ਮੋਰਚਾ ਦੇ ਆਗੂ ਸਰਵਰ ਗੁਲਾਮ ਸੱਬਾ ਦੀ ਅਗਵਾਈ ਹੇਠ ਸਥਾਨਕ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਵਕਫ਼ ਸੋਧ ਐਕਟ 2025 ਦੇ ਵਿਰੋਧ ‘ਚ ਨਾਈਆਂ ਵਾਲਾ ਚੌਂਕ ਤੋਂ ਰੈਸਟ ਹਾਊਸ ਤੱਕ ਰੋਸ ਮਾਰਚ ਕੱਢਿਆ ਤੇ ਨਾਅਰੇਬਾਜ਼ੀ ਕੀਤੀ ਤੇ ਰੈਸਟ ਹਾਊਸ ਦੇ ਬਾਹਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਤੇ ਬਾਅਦ ‘ਚ ਬੀ.ਡੀ.ਪੀ.ਓ ਨੂੰ ਰਾਸ਼ਟਰਪਤੀ ਦੇ ਨਾਂ ‘ਤੇ ਮੰਗ ਪੱਤਰ ਦਿੱਤਾ | ਇਸ ਮੌਕੇ ਬੋਲਦਿਆਂ ਸੱਬਾ ਨੇ ਦੋਸ਼ ਲਗਾਇਆ ਕਿ ਵਕਫ਼ ਐਕਟ ਗੈਰ ਸੰਵਿਧਾਨਿਕ ਹੈ ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਇਰਾਦਾ ਦੇਸ਼ ਭਰ ‘ਚ ਵਕਫ਼ ਜਾਇਦਾਦਾਂ ‘ਤੇ ਕਬਜ਼ਾ ਕਰਨ ਦਾ ਹੈ | ਉਨ੍ਹਾਂ ਮੰਗ ਕੀਤੀ ਕਿ ਵਕਫ਼ ਸੋਧ ਐਕਟ ਨੂੰ ਰੱਦ ਕੀਤਾ ਜਾਵੇ ਤੇ ਇਸ ਮਾਮਲੇ ‘ਤੇ ਸੁਪਰੀਮ ਕੋਰਟ ਦੇ ਅੰਤਿਮ ਆਦੇਸ਼ਾਂ ਲਾਗੂ ਨਾ ਕੀਤਾ ਜਾਵੇ | ਰੋਸ ਮਾਰਚ ਦੌਰਾਨ ਉਨ੍ਹਾਂ ਨੇ ‘ਵਕਫ਼ ਬਿੱਲ ਵਾਪਸੀ ਲੋ’, ‘ਵਕਫ਼ ਬਿੱਲ ਮਨਜ਼ੂਰ ਨਹੀਂ’, ਭਾਜਪਾ ਮੁਰਦਾਬਾਦ ਦੇ ਨਾਅਰੇ ਲਗਾਏ | ਇਸ ਮੌਕੇ ਕਾਯਿਰੀ ਗੈਯੂਰ ਸਮੇਤ ਵੱਡੀ ਗਿਣਤੀ ‘ਚ ਮੁਸਲਿਮ ਭਾਈਚਾਰੇ ਦੀ ਆਗੂ ਸ਼ਾਮਿਲ ਸਨ |