ਲੁਧਿਆਣਾ, 29 ਅਪ੍ਰੈਲ (jasbir singh)
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੱਲ ਰਹੀਆਂ ਲੋਕ ਸਭਾ ਚੋਣਾਂ ਲਈ ਪੋਲਿੰਗ ਸਟਾਫ਼ ਦੀ ਪਹਿਲੀ ਰੈਂਡਮਾਈਜ਼ੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਗਈ।
ਐਨ.ਆਈ.ਸੀ. ਦਫ਼ਤਰ ਵਿੱਚ ਸਮਰਪਿਤ ਡੀ.ਆਈ.ਐਸ.ਈ. ਸੌਫਟਵੇਅਰ ਦੀ ਵਰਤੋਂ ਕਰਕੇ ਰੈਂਡਮਾਈਜ਼ੇਸ਼ਨ ਪ੍ਰਕਿਰਿਆ ਕੀਤੀ ਗਈ। ਇਸ ਦਾ ਉਦੇਸ਼ ਕੇਂਦਰ ਅਤੇ ਰਾਜ ਸਰਕਾਰਾਂ, ਬੈਂਕਾਂ ਅਤੇ ਜਨਤਕ ਖੇਤਰ ਦੇ ਅਦਾਰਿਆਂ ਦੇ 17962 ਤੋਂ ਵੱਧ ਕਰਮਚਾਰੀਆਂ ਦਾ ਵਰਗੀਕਰਨ ਕਰਨਾ ਸੀ, ਜਿਨ੍ਹਾਂ ਨੂੰ ਚੋਣਾਂ ਦੌਰਾਨ ਵੱਖ ਵੱਖ ਅਹਿਮ ਡਿਊਟੀਆਂ ਸੌਂਪੀਆਂ ਗਈਆਂ ਹਨ।
ਚੋਣ ਅਮਲੇ ਦੀ ਚੋਣਾਂ ਵਿੱਚ ਪਾਰਦਰਸ਼ੀ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ) ਵੱਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਪ੍ਰਕਿਰਿਆ ਕੀਤੀ ਗਈ।
ਰੈਂਡਮਾਈਜ਼ੇਸ਼ਨ ਦਾ ਮੁੱਖ ਮੰਤਵ 921 ਬੂਥਾਂ ‘ਤੇ 1 ਜੂਨ ਨੂੰ ਹੋਣ ਵਾਲੇ ਪੋਲਿੰਗ ਸ਼ਡਿਊਲ ਲਈ ਸਟਾਫ਼ ਦੀਆਂ ਡਿਊਟੀਆਂ ਲਗਾਉਣਾ ਹੈ। ਮੁਲਾਜ਼ਮਾਂ ਦੀਆਂ ਚੋਣਾਂ ਦੌਰਾਨ ਪ੍ਰੀਜ਼ਾਈਡਿੰਗ ਅਫ਼ਸਰ (ਪੀ.ਆਰ.ਓ.), ਸਹਾਇਕ ਪੀ.ਆਰ.ਓ. ਅਤੇ ਪੋਲਿੰਗ ਅਫ਼ਸਰ (ਪੀ.ਓ.) ਵਜੋਂ ਡਿਊਟੀਆਂ ਲਗਾਈਆਂ ਗਈਆਂ ਹਨ। 4 ਜੂਨ ਨੂੰ ਹੋਣ ਵਾਲੀ ਗਿਣਤੀ ਲਈ ਲੋੜੀਂਦਾ ਸਟਾਫ਼ ਵੀ ਤਾਇਨਾਤ ਕੀਤਾਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ 1 ਜੂਨ ਨੂੰ ਸੁਚਾਰੂ ਅਤੇ ਨਿਰਵਿਘਨ ਮਤਦਾਨ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹੇ ਵਿੱਚ ਆਜ਼ਾਦ ਅਤੇ ਨਿਰਪੱਖ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਤਾਜ਼ਾ ਰਿਪੋਰਟ ਅਨੁਸਾਰ ਲੁਧਿਆਣਾ ਵਿੱਚ ਕੁੱਲ 2684239 ਵੋਟਰ ਹਨ, ਜਿਨ੍ਹਾਂ ਵਿੱਚ 1430428 ਮਰਦ, 12536612 ਔਰਤਾਂ ਅਤੇ 149 ਟਰਾਂਸਜੈਂਡਰ ਵੋਟਰ ਹਨ।