ਲੁਧਿਆਣਾ :- ਲੁਧਿਆਣਾ ਦੀ ਪਹਿਲੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਮੇਅਰ ਬਣਨ ਤੋਂ ਬਾਅਦ ਆਕਾਸ਼ਵਾਣੀ ਲੁਧਿਆਣਾ ਦੇ ਪੀ.ਏ.ਯੂ ਦਫ਼ਤਰ ਵਿਖੇ ਪੁੱਜੇ। ਜਿੱਥੇ ਉਨ੍ਹਾਂ ਦਾ ਆਕਾਸ਼ਵਾਣੀ ਲੁਧਿਆਣਾ ਦੇ ਸਮੂਹ ਸਟਾਫ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਆਕਾਸ਼ਵਾਣੀ ਲੁਧਿਆਣਾ ਦੇ ਪ੍ਰੋਗਰਾਮ ਹੈੱਡ ਕਰਨਵੀਰ ਸਿੰਘ ਨੇ ਉਨ੍ਹਾਂ ਨੂੰ ਜੀ ਆਇਆ ਜੀ ਕਿਹਾ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਆਕਸ਼ਵਾਣੀ ਲੁਧਿਆਣਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਨ੍ਹਾਂ ਦਾ ਪਹਿਲਾ ਕੰਮ ਲੁਧਿਆਣਾ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦਾ ਹੋਵੇਗਾ। ਜਿਸ ਲਈ ਉਨ੍ਹਾਂ ਨੂੰ ਹਰ ਲੁਧਿਆਣਾ ਵਾਸੀ ਦੇ ਸਾਥ ਦੀ ਲੋੜ ਹੈ। ਉਨ੍ਹਾਂ ਸ਼ਹਿਰ ਦੇ ਹਰ ਵਿਅਕਤੀ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਅਤੇ ਬੁੱਢੇ ਦਰਿਆ ਨੂੰ ਮੁੜ ਤੋਂ ਬੁੱਢਾ ਦਰਿਆ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਉਹ ਧੰਨਵਾਦੀ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਜਿਨ੍ਹਾਂ ਨੇ ਪਾਰਟੀ ਦੇ ਸਿਧਾਂਤ ਤੇ ਚਲਦਿਆ ਪਾਰਟੀ ਦੇ ਇੱਕ ਵਲੰਟੀਅਰ ਨੂੰ ਵੱਡਾ ਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਅਤੇ ਸ਼ਹਿਰ ਵਾਸੀਆਂ ਤੋਂ ਮਿਲੇ ਅਥਾਹ ਪਿਆਰ ਦਾ ਮੁੱਲ ਸ਼ਹਿਰ ਨੂੰ ਪਹਿਲਾਂ ਨਾਲੋਂ ਵੀ ਜਿਆਦਾ ਖੂਬਸੂਰਤ ਬਣਾਉਣ ਦਾ ਯਤਨ ਕਰਨਗੇ ਅਤੇ ਆਮ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ। ਇਸ ਮੌਕੇ ਰਿਣੀ ਸ਼ਰਮਾ, ਸਰਬਜੀਤ ਲੁਧਿਆਣਵੀ, ਰਾਹੁਲ ਕੁਮਾਰ, ਅਜੈ ਸੈਣੀ, ਰਾਘਵ ਅਰੋੜਾ, ਅਰਜੁਨ ਹਾਜਰ ਸਨ।