ਟੌਲ ਦਰਾਂ ਵਿਚ ਕੀਤੇ ਵਾਧੇ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਅਤੇ ਹੋਰ ਸੰਗਠਨਾਂ ਵੱਲੋਂ ਲਾਡੋਵਾਲਾ ਟੌਲ ਪਲਾਜ਼ਾ (Ladowal toll plaza) ਦੀ ਅੱਜ ਤੋਂ ਪੱਕੇ ਤੌਰ ਉਤੇ ਤਾਲਾਬੰਦੀ ਕੀਤੀ ਜਾ ਰਹੀ ਹੈ। ਕਿਸਾਨਾਂ ਇਸ ਟੌਲ ਪਲਾਜ਼ੇ ’ਤੇ ਧਰਨਾ 15ਵੇਂ ਦਿਨ ਵੀ ਜਾਰੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਲਾਡੋਵਾਲ ਟੌਲ ਪਲਾਜ਼ਾ ’ਤੇ ਹੋ ਰਹੇ ਇਸ ਇਕੱਠ ਵਿੱਚ ਟਰੱਕ ਯੂਨੀਅਨਾਂ, ਟੈਂਪੂ ਯੂਨੀਅਨਾਂ, ਕੈਂਟਰ ਯੂਨੀਅਨਾਂ, ਟੈਕਸੀ ਯੂਨੀਅਨਾਂ ਦੇ ਮਾਲਕ ਤੇ ਡਰਾਈਵਰਾਂ ਤੋਂ ਇਲਾਵਾ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੱਡੇ ਪੱਧਰ ’ਤੇ ਸ਼ਾਮਲ ਹੋਣਗੇ।
ਉਧਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਲਾਡੋਵਾਲ ਟੌਲ ਪਲਾਜ਼ਾ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਸਰਕਾਰ ਤੋਂ ਵਧਾਈਆਂ ਦਰਾਂ ਵਾਪਸ ਲੈਣ ਦੀ ਮੰਗ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪਰਾ ਤੇ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਸਰਕਾਰ ਨੇ ਵੱਡੀਆਂ ਕੰਪਨੀਆਂ ਤੇ ਕਾਰਪੋਰੇਟ ਘਰਾਣਿਆਂ ਨੂੰ ਹਰੇਕ ਕਾਰੋਬਾਰ ਵਿਚ ਰਿਆਇਤਾਂ ਦੇ ਕੇ ਉਨ੍ਹਾਂ ਨੂੰ ਲੁੱਟਣ ਦੀ ਖੁੱਲ੍ਹ ਦੇ ਰੱਖੀ ਹੈ। ਟੌਲ ਪਲਾਜ਼ਾ ਪ੍ਰਬੰਧਕ ਮਨਮਰਜ਼ੀ ਨਾਲ ਟੌਲ ਦਰਾਂ ਵਿੱਚ ਵਾਧਾ ਕਰ ਦਿੰਦੇ ਹਨ।