Home Ludhiana ਮੁੱਖ ਮੰਤਰੀ ਨੇ ਸ਼ਹੀਦ ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ...

ਮੁੱਖ ਮੰਤਰੀ ਨੇ ਸ਼ਹੀਦ ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ !

41
0
ad here
ads
ads

ਸਕੂਲ ਦਾ ਨਾਮ ਸ਼ਹੀਦ ਦੇ ਨਾਮ ਉਤੇ ਰੱਖਿਆ, ਸਟੇਡੀਅਮ/ਖੇਡ ਮੈਦਾਨ ਅਤੇ ਆਮ ਆਦਮੀ ਕਲੀਨਿਕ ਦਾ ਨਾਮ ਵੀ ਸ਼ਹੀਦ ਦੇ ਨਾਮ ਉਤੇ ਰੱਖਿਆ ਜਾਵੇਗਾ ,ਸ਼ਹੀਦ ਦੇ ਪਰਿਵਾਰ ਨੂੰ ਪੂਰਨ ਸਹਿਯੋਗ ਦਾ ਭਰੋਸਾ – ਮੁੱਖ ਮੰਤਰੀ !

ਰਾਮਗੜ੍ਹ ਸਰਦਾਰਾਂ (ਲੁਧਿਆਣਾ), 25 ਜਨਵਰੀ (ਮਨਪ੍ਰੀਤ ਸਿੰਘ ਅਰੋੜਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਹੀਦ ਅਗਨੀਵੀਰ ਜਵਾਨ ਅਜੇ ਕੁਮਾਰ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ ਜੋ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀ ਗਿਆ ਸੀ।
ਸ਼ਹੀਦ ਦੇ ਪਰਿਵਾਰ ਨਾਲ ਦੁੱਖ ਵੰਡਾਉਂਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਖੰਨਾ ਨੇੜੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਅਗਨੀਵੀਰ ਅਜੇ ਕੁਮਾਰ ਲੈਂਡਮਾਈਨ ਦੇ ਧਮਾਕੇ ਵਿੱਚ ਸ਼ਹੀਦ ਹੋ ਗਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਹਾਦਰ ਜਵਾਨ ਨੇ ਜੰਮੂ ਕਸ਼ਮੀਰ ਵਿੱਚ ਡਿਊਟੀ ਨਿਭਾਉਂਦਿਆਂ ਆਪਣੀ ਜਾਨ ਨਿਛਾਵਰ ਕਰ ਦਿੱਤੀ ਜੋ ਦੇਸ਼ ਲਈ ਖਾਸ ਕਰਕੇ ਮਾਪਿਆਂ ਲਈ ਨਾ-ਪੂਰਿਆ ਜਾਣ ਵਾਲਾ ਘਾਟਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਦੇਸ਼ ਲਈ ਸ਼ਹੀਦ ਜਵਾਨ ਵੱਲੋਂ ਕੀਤੀ ਕੁਰਬਾਨੀ ਦੇ ਸਤਿਕਾਰ ਵਜੋਂ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮੁੱਚਾ ਮੁਲਕ ਸ਼ਹੀਦਾਂ ਦਾ ਰਿਣੀ ਹੈ ਜੋ ਦੇਸ਼ ਵਾਸੀਆਂ ਦੀ ਰਾਖੀ ਕਰਦਿਆਂ ਜਾਨ ਕੁਰਬਾਨ ਕਰ ਗਏ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਇਹ ਬਹਾਦਰ ਜਵਾਨ ਦੇ ਯੋਗਦਾਨ ਦੇ ਸਤਿਕਾਰ ਵਿੱਚ ਸੂਬਾ ਸਰਕਾਰ ਨਿਮਾਣਾ ਜਿਹਾ ਉਪਰਾਲਾ ਕਰ ਰਹੀ ਹੈ।
ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਲਈ ਸੂਬਾ ਸਰਕਾਰ ਵਿੱਤੀ ਇਮਦਾਦ ਦੇਣ ਦਾ ਉਪਰਾਲਾ ਕਰ ਰਹੀ ਹੈ। ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਅਫਸੋਸ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਦੀ ਮਹਾਨ ਕੁਰਬਾਨੀ ਉਨ੍ਹਾਂ ਦੇ ਸਾਥੀ ਸੈਨਿਕਾਂ ਅਤੇ ਨੌਜਵਾਨਾਂ ਨੂੰ ਆਪਣੀ ਡਿਊਟੀ ਹੋਰ ਵੀ ਤਨਦੇਹੀ ਅਤੇ ਸਮਰਪਿਤ ਭਾਵਨਾ ਨਾਲ ਨਿਭਾਉਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਦੇ ਨਾਮ ’ਤੇ ਰੱਖਣ ਦਾ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਸੂਬਾ ਸਰਕਾਰ ਵੱਲੋਂ ਸ਼ਹੀਦ ਦੇ ਨਾਂ ’ਤੇ ਖੇਡ ਮੈਦਾਨ/ਸਟੇਡੀਅਮ ਵੀ ਬਣਾਇਆ ਜਾਵੇਗਾ ਅਤੇ ਪਿੰਡ ਵਿੱਚ ਆਮ ਆਦਮੀ ਕਲੀਨਿਕ ਵੀ ਬਣਾਇਆ ਜਾਵੇਗਾ ਜਿਨ੍ਹਾਂ ਦਾ ਨਾਮ ਸ਼ਹੀਦ ਦੇ ਨਾਮ ਉੱਤੇ ਰੱਖਿਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਸ਼ਹੀਦ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ।
ਅਗਨੀਵੀਰ ਯੋਜਨਾ ਦਾ ਸਖ਼ਤ ਵਿਰੋਧ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹਾਦਰ ਸੈਨਿਕਾਂ ਦੇ ਯੋਗਦਾਨ ਦਾ ਨਿਰਾਦਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਦੇਸ਼ ਦੇ ਨੌਜਵਾਨਾਂ ਦਾ ਸ਼ੋਸ਼ਣ ਹੈ ਕਿਉਂਕਿ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਥੋੜ੍ਹੀ ਸਮੇਂ ਦੀ ਨੌਕਰੀ ਕਰਨ ਤੋਂ ਬਾਅਦ ਬਿਨਾਂ ਕਿਸੇ ਵਿੱਤੀ ਸੁਰੱਖਿਆ ਦੇ ਵਾਪਸ ਘਰ ਭੇਜ ਦਿੱਤਾ ਜਾਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਜ਼ਲਾਲਤ ਭਰੀ ਯੋਜਨਾ ਹੈ ਜਿਸ ਨੂੰ ਦੇਸ਼ ਦੇ ਵਡੇਰੇ ਹਿੱਤ ਵਿੱਚ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਇੱਥੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਹਨ ਕਿਉਂਕਿ ਉਹ ਇੱਥੋਂ ਦੇ ਜਵਾਨ ਵੱਲੋਂ ਦਿੱਤੀ ਮਹਾਨ ਕੁਰਬਾਨੀ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸੱਤਾ ’ਤੇ ਕਾਬਜ਼ ਲੋਕਾਂ ਨੂੰ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਕੋਈ ਹਮਦਰਦੀ ਨਹੀਂ ਹੈ, ਜਿਸ ਕਾਰਨ ਉਹ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਦੀ ਕਦੇ ਵੀ ਚਿੰਤਾ ਨਹੀਂ ਕਰਦੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੋਕ ਸੰਵੇਦਨਹੀਣ ਹਨ ਕਿਉਂਕਿ ਅਜ਼ਾਦੀ ਸੰਗਰਾਮ ਦੌਰਾਨ ਇਨ੍ਹਾਂ ਨੇ ਆਪਣੇ ਪੁਰਖਿਆਂ ਨੂੰ ਨਹੀਂ ਗੁਆਇਆ ਸਗੋਂ ਆਜ਼ਾਦੀ ਪ੍ਰਾਪਤੀ ਅਤੇ ਹੁਣ ਇਸ ਦੀ ਰਾਖੀ ਲਈ ਵੀ ਪੰਜਾਬੀ ਸਭ ਤੋਂ ਅੱਗੇ ਹਨ, ਜਿਸ ਕਾਰਨ ਅਸੀਂ ਆਪਣੇ ਸ਼ਹੀਦਾਂ ਦੀ ਕਦਰ ਕਰਦੇ ਹਾਂ।

ad here
ads
Previous articleIntensive checks and border sealing are in progress !
Next articleਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅੱਜ 14ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ !

LEAVE A REPLY

Please enter your comment!
Please enter your name here