ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਸਾਰੇ ਫੋਕਲ ਪੁਆਇੰਟਾਂ ਦੀ ਹਾਲਤ ਸੁਧਾਰਨ ਲਈ ਉਲੀਕੀ ਯੋਜਨਾ ‘ਤੇ ਤੇਜੀ ਨਾਲ ਹੋਵੇਗਾ ਕੰਮ-ਸਾਕਸ਼ੀ ਸਾਹਨੀ !
ਪਟਿਆਲਾ 28 ਨਵੰਬਰ (ਮਨਪ੍ਰੀਤ ਸਿੰਘ ਅਰੋੜਾ) ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਨਾਭਾ ਥਿੰਕ ਟੈਂਕ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਾਭਾ ਦਾ ਮਾਸਟਰ ਪਲਾਨ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਇੰਡਸਟਰੀਜ਼ ਦੇ ਨੁਮਾਇੰਦਿਆਂ ਦੇ ਸੁਝਾਉ ਲੈਣ ਸਮੇਤ ਰਾਜਪੁਰਾ ਤੇ ਪਟਿਆਲਾ ਦੇ ਉਦਯੋਗਿਕ ਜ਼ੋਨਾਂ ਉਪਰ ਵੀ ਚਰਚਾ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਭਾ ਦੇ ਮਾਸਟਰ ਪਲਾਨ ਦਾ ਡਰਾਫਟ ਤਿਆਰ ਕਰ ਲਿਆ ਗਿਆ ਹੈ ਅਤੇ ਇਸ ਲਈ ਲੋਕਾਂ ਤੇ ਸਬੰਧਤ ਇੰਡਸਟਰੀਜ਼ ਦੇ ਇਤਰਾਜ ਅਤੇ ਸੁਝਾਓ ਲੈਕੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਰਿਜ਼ਨਲ ਅਤੇ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਬੋਰਡ ਦੀ ਮੀਟਿੰਗ ਵਿੱਚ ਭੇਜਿਆ ਗਿਆ ਸੀ। ਜਿੱਥੋਂ ਇਸ ਪਲੈਨ ਨੂੰ ਮੁੜ ਤੋਂ ਨਾਭਾ ਥਿੰਕ ਟੈਂਕ ਵੱਲੋਂ ਵਿਚਾਰੇ ਜਾਣ ਲਈ ਭੇਜਿਆ ਗਿਆ ਹੈ ਇਸ ਦੇ ਮੱਦੇਨਜ਼ਰ ਇਸ ਮਾਸਟਰ ਪਲਾਨ ਵਿਚਲੀਆਂ ਸੋਧਾਂ ਉਪਰ ਅੱਜ ਵਿਚਾਰ ਵਟਾਂਦਰਾ ਕੀਤਾ ਗਿਆ ਹੈ।
ਇਸ ਦੌਰਾਨ ਰਾਜਪੁਰਾ ਅਤੇ ਪਟਿਆਲਾ ਦੇ ਉਦਯੋਗਿਕ ਵਿਕਾਸ ਲਈ ਇੱਥੇ ਬਣ ਰਹੇ ਉਦਯੋਗਿਕ ਜ਼ੋਨਾਂ ਉਪਰ ਵੀ ਚਰਚਾ ਕੀਤੀ ਗਈ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਦੇ ਉਦਯੋਗਿਕ ਫੋਕਲ ਪੁਆਇੰਟ ਨੇੜੇ ਨਦੀ ਉਪਰ ਬਣਾਏ ਜਾਣ ਵਾਲੇ ਪੁਲ ਨੂੰ ਮਨਜੂਰੀ ਦੇ ਦਿੱਤੀ ਗਈ ਹੈ ਅਤੇ ਇਸ ਲਈ ਲੋੜੀਂਦੀਆਂ ਸਾਰੀਆਂ ਐਨ.ਓ.ਸੀਜ. ਵੀ ਮਿਲ ਗਈਆਂ ਹਨ ਅਤੇ ਇਸਦੀ ਉਸਾਰੀ ਬਹੁਤ ਜਲਦੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਫੋਕਲ ਪੁਆਇੰਟਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਨੇ ਤਜਵੀਜ਼ ਉਲੀਕੀ ਹੈ ਜਿਸ ਉਪਰ ਅਮਲ ਤੇਜੀ ਨਾਲ ਕੀਤਾ ਜਾ ਰਿਹਾ ਹੈ ਤਾਂ ਕਿ ਸਾਡੇ ਸਨਅਤਕਾਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਇਸ ਮੀਟਿੰਗ ਮੌਕੇ ਏ.ਡੀ.ਸੀ. ਅਨੁਪ੍ਰਿਤਾ ਜੌਹਲ ਐਸ.ਡੀ.ਐਮ. ਨਾਭਾ ਤਰਸੇਮ ਚੰਦ ਮੌਜੂਦ ਸਨ। ਮੀਟਿੰਗ ਕਾਰਵਾਈ ਚਲਾਉਂਦੇ ਹੋਏ ਜ਼ਿਲ੍ਹਾ ਟਾਊਨ ਪਲਾਨਰ (ਪਲੈਨਿੰਗ) ਡਾ ਸੀਮਾ ਕੌਸ਼ਲ ਨੇ ਨਾਭਾ ਮਾਸਟਰ ਪਲਾਨ ਸਮੇਤ ਪਟਿਆਲਾ ਤੇ ਰਾਜਪੁਰਾ ਦੇ ਉਦਯੋਗਿਕ ਜ਼ੋਨਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡੀ.ਟੀ.ਪੀ. ਰੈਗੂਲੇਟਰੀ ਹਰਿੰਦਰ ਸੰਧੂ ਏ.ਟੀ.ਪੀ. ਰਮਨਦੀਪ ਕੌਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਨਾਭਾ ਭਾਦਸੋਂ ਪਟਿਆਲਾ ਤੇ ਰਾਜਪੁਰਾ ਦੇ ਸਨਅਤਕਾਰਾਂ ਦੇ ਨੁਮਾਇੰਦੇ ਵੀ ਮੌਜੂਦ ਸਨ।