ਲੁਧਿਆਣਾ, 7 ਅਪ੍ਰੈਲ
ਬੁੱਢੇ ਦਰਿਆ ਦੇ ਪਾਣੀ ਵਿੱਚ ਪਿੰਡ ਭੂਖੜੀ ਖੁਰਦ ਨੇੜੇ ਹੋਏ ਸੁਧਾਰ ਨੂੰ ਦੇਖਣ ਲਈ ਮਾਲਵੇ ਦੀਆਂ ਪੰਚਾਇਤਾਂ ਅਤੇ ਹੋਰ ਸਖਸ਼ੀਅਤਾਂ ਨੇ ਬੁੱਢੇ ਦਰਿਆ ਦਾ ਦੌਰਾ ਕੀਤਾ। ਐਤੀਆਣਾ, ਛੱਜਵਾਲੀ ਅਤੇ ਢੋਲਣਵਾਲ ਤੋਂ ਆਏ ਪੰਚਾਂ -ਸਰਪੰਚਾਂ ਨੇ ਪਿੰਡ ਭੂਖੜੀ ਖੁਰਦ ਵਿੱਚ ਬੁੱਢੇ ਦਰਿਆ ਦੇ ਪਾਣੀ ਵਿੱਚ ਆਏ ਸੁਧਾਰਾਂ ਲਈ ਰਾਜ ਸਭਾ ਮੈਂਬਰ ਅਤੇ ਵਾਤਾਵਰਣਪ੍ਰੇਮੀ ਸੰਤ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾਂ ਕੀਤੀ। ਇੰਨ੍ਹਾਂ ਪੰਚਾਇਤਾਂ ਦਾ ਕਹਿਣਾ ਸੀ ਕਿ ਬੁੱਢੇ ਦਰਿਆ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਮਾਲਵੇ ‘ਤੇ ਰਾਜਸਥਾਨ ਵਿੱਚ ਕੈਂਸਰ ਅਤੇ ਹੋਰ ਭਿਆਨਕ ਬੀਮਾਰੀਆਂ ਦਾ ਸੱਬਬ ਬਣ ਰਿਹਾ ਸੀ। ਪਹਿਲਾਂ ਤਾਂ ਸਾਰੀਆਂ ਰਾਜਨੀਤਿਕ ਧਿਰਾਂ ਨੇ ਬੁੱਢੇ ਦਰਿਆ ਦੀ ਸਫਾਈ ਬਾਰੇ ਆਸ ਹੀ ਛੱਡੀਹੋਈ ਸੀ। ਉਧਰ ਭੂਖੜੀ ਖੁਰਦ ਦੀ ਪੰਚਾਇਤ ਨੇ 13 ਅਪ੍ਰੈਲ ਨੂੰ ਬੁੱਢੇ ਦਰਿਆ ‘ਤੇ ਮਨਾਈ ਜਾ ਰਹੀ ਵਿਸਾਖੀ ਵਿੱਚ ਸ਼ਾਮਿਲ ਹੋਣ ਲਈ ਮਾਲਵੇ ਦੀਆਂ ਪੰਚਾਇਤਾਂ ਨੂੰ ਸੱਦਾ ਦਿੱਤਾ।
ਮਾਲਵੇ ਤੋਂ ਆਈਆਂ ਪੰਚਾਇਤਾਂ ਨੇ ਆਸ ਪ੍ਰਗਟਾਈ ਕਿ ਜਿਵੇਂ ਪਵਿੱਤਰ ਕਾਲੀ ਵੇਈਂ ਨੂੰ ਸਾਫ ਕਰਕੇ ਇੱਕ ਮਿਸਾਲੀ ਕਾਰਜ ਕੀਤਾ ਹੈ। ਉਸ ਵੇਲੇ ਵੀ ਕਈ ਧਿਰਾਂ ਸੇਵਾਦਾਰਾਂ ਦੀ ਬੇਲੋੜੀ ਅਲੋਚਨਾ ਕਰਦੀਆਂ ਨਹੀਂ ਥੱਕਦੀਆਂ ਪਰ ਸੇਵਾਦਾਰਾਂ ਦੀ ਅਣਥੱਕ ਮਿਹਨਤ ਸਦਕਾ 25 ਸਾਲਾਂ ਵਿੱਚ ਪਵਿੱਤਰ ਵੇਈਂ ਦੇ ਪਾਣੀ ਵਿੱਚ ਸਿਫਤੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਐਤੀਆਣਾ ਤੋਂ ਸਰਪੰਚ ਦਲਜੀਤ ਸਿੰਘ, ਢੋਲਣ ਤੋਂ ਸਰਪੰਚ ਗੁਰਮੇਲ ਸਿੰਘ, ਸਰਪੰਚ ਛੱਜਾਵਾਲ ਤੋਂ ਸਿੰਗਾਰਾ ਸਿੰਘ, ਜੰਗੀਆਣਾ ਤੋਂ ਸਵਰਨਜੀਤ ਸਿੰਘ ਅਤੇ ਰੌਤਾਂ ਤੋਂ ਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੋਹਤਵਾਰ ਸਖ਼ਸ਼ੀਅਤਾਂ ਆਈਆਂ ਹੋਈਆਂ ਸਨ। ਮਾਲਵੇ ਦੇ ਸਰਪੰਚਾਂ ਨੇ ਪਿੰਡ ਭੂਖੜੀ ਖੁਰਦ ਦੇ ਸਰਪੰਚ ਸਤਪਾਲ ਸਿੰਘ ਨਾਲ ਮੁਲਾਕਾਤ ਕੀਤੀ। ਭੂਖੜੀ ਦੇ ਸਰਪੰਚ ਵੱਲੋਂ ਮਾਲਵੇ ਦੀਆਂ ਪੰਚਾਇਤਾਂ ਨੂੰ ਵਿਸਾਖੀ ‘ਤੇ ਬੁੱਢੇ ਦਰਿਆ ਵਿੱਚ ਇਸ਼ਨਾਨ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਬੁੱਢੇ ਦਰਿਆ ਦੀ ਕਾਰ ਸੇਵਾ ਪੜਾਅ ਵਾਰ ਸ਼ੁਰੂ ਕੀਤੀ ਗਈ ਸੀ। ਪਹਿਲਾਂ ਪੜਾਅ 2 ਫਰਵਰੀ 2024 ਨੂੰ ਬੂਟੇ ਲਗਾਉਣ ਨਾਲ ਸ਼ੁਰੂ ਹੋਇਆ ਸੀ ਜਿਸ ਤਹਿਤ ਬੁੱਢੇ ਦਰਿਆ ਦੇ ਕਿਨਾਰਿਆਂ ‘ਤੇ ਰਸਤੇ ਬਣਾਏ ਗਏ ਤੇ ਵੱਡੀ ਪੱਧਰ ‘ਤੇ ਬੂਟੇ ਲਾਏ ਗਏ ਹਨ। ਦੂਜੇ ਪੜਾਅ ਦੌਰਾਨ ਦਰਿਆ ਵਿੱਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਿਆ ਜਾ ਰਿਹਾ ਹੈ। ਚੜ੍ਹਦੇ ਵਾਲੇ ਪਾਸੇ 79 ਡੇਅਰੀਆਂ ਸਨ ਜਿੰਨ੍ਹਾਂ ਵਿੱਚੋਂ ਚਾਰ-ਪੰਜ ਨੂੰ ਛੱਡ ਕੇ ਬਾਕੀ ਡੇਅਰੀਆਂ ਨੇ ਗੋਹੇ ਆਦਿ ਦਾ ਪ੍ਰਬੰਧ ਕਰ ਲਿਆ ਹੈ। ਉਨ੍ਹਾਂ ਮਾਲਵੇ ਤੋਂ ਆਈਆਂ ਪੰਚਾਇਤਾਂ ਨੂੰ ਬੁੱਢੇ ਦਰਿਆ ਦੇ ਪਾਣੀਆਂ ਵਿੱਚ ਹੋ ਰਹੇ ਸੁਧਾਰਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।