ਫ਼ਗਵਾੜਾ-ਅੰਮਿ੍ਤਸਰ 18 ਮਾਰਚ ( ਪ੍ਰੀਤੀ ਜੱਗੀ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਤਹਿਤ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ ਕਮਿਸ਼ਨਰੇਟ ਪੁਲਿਸ ਅੰਮਿ੍ਤਸਰ ਨੇ ਇੱਕ ਵਿਅਕਤੀ ਨੂੰ, 8.08 ਕਿਲੋ ਹੈਰੋਇਨ ਅਤੇ ਇੱਕ.30 ਬੋਰ ਪਿਸਤੌਲ ਸਮੇਤ ਪੰਜ ਕਾਰਤੂਸਾਂ ਨਾਲ ਗਿ੍ਰਫਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੇ ਡਰੱਗ ਕਾਰਟਲ ਦਾ ਪਰਦਾਫਾਸ਼ ਕੀਤਾ ਹੈ । ਇਹ ਜਾਣਕਾਰੀ ਮੰਗਲਵਾਰ ਨੂੰ ਡੀ.ਜੀ.ਪੀ.ਗੌਰਵ ਯਾਦਵ ਨੇ ਦਿੱਤੀ। ਗਿ੍ਫਤਾਰ ਕੀਤੇ ਗਏ ਨਸ਼ਾ ਤਸਕਰ ਦੀ ਪਛਾਣ ਅੰਮਿ੍ਤਸਰ ਦੇ ਪਿੰਡ ਹਰਸ਼ਾ ਛੀਨਾ ਦੇ ਰਹਿਣ ਵਾਲੇ ਧਰਮਿੰਦਰ ਸਿੰਘ ਉਰਫ ਸੋਨੂੰ ਵਜੋਂ ਹੋਈ ਹੈ। ਦੋਸ਼ੀ ਦੇ ਕਬਜ਼ੇ ਚੋਂ ਹੈਰੋਇਨ ਅਤੇ ਇੱਕ ਹਥਿਆਰ ਦੀ ਬਰਾਮਦਗੀ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਸਦੀ ਹੁੰਡਈ ਕ੍ਰੇਟਾ ਕਾਰ ਵੀ ਜ਼ਬਤ ਕੀਤੀ ਹੈ, ਜਿਸਦੀ ਵਰਤੋਂ ਦੋਸ਼ੀ ਨਸ਼ੇ ਦੀਆਂ ਖੇਪਾਂ ਨੂੰ ਪਹੁੰਚਾਉਣ ਲਈ ਕਰਦਾ ਸੀ । ਡੀ.ਜੀ.ਪੀ.ਗੌਰਵ ਯਾਦਵ ਨੇ ਦੱਸਿਆ ਕਿ ਗਿ੍ਫਤਾਰ ਕੀਤਾ ਗਿਆ ਵਿਅਕਤੀ ਪਾਕਿਸਤਾਨ ਅਧਾਰਤ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ, ਜੋ ਕਿ ਅਜਨਾਲਾ ਖੇਤਰ ਰਾਹੀਂ ਸਰਹੱਦ ਪਾਰੋਂ ਡਰੋਨ ਦੀ ਵਰਤੋਂ ਕਰਕੇ ਨਸ਼ਿਆਂ ਦੀ ਖੇਪ ਸੁੱਟਦੇ ਸਨ। ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।