ਫਗਵਾੜਾ 16 ਅਪ੍ਰੈਲ (ਪ੍ਰੀਤੀ ਜੱਗੀ ) ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ, ਡਾ. ਅੰਬੇਡਕਰ ਨਗਰ ਪਲਾਹੀ ਗੇਟ ਫਗਵਾੜਾ ਵਲੋਂ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ 134 ਵਾਂ ਜਨਮ ਦਿਹਾੜਾ ਧੀਰਜ ਬਸਰਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨੇ ਸਭਾ ਦੇ ਸਮੂਹ ਮੈਂਬਰਾਂ ਦੇ ਨਾਲ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ ‘ਤੇ ਫੁੱਲਮਾਲਾਵਾਂ ਭੇਂਟ ਕੀਤੀਆਂ ਅਤੇ ਸਮੂਹ ਹਾਜਰੀਨ ਨੂੰ ਡਾ. ਅੰਬੇਡਕਰ ਦੇ ਜਨਮ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਸੰਵਿਧਾਨ ਦੀ ਬਦੌਲਤ ਅੱਜ ਦੱਬਿਆ ਤੇ ਸਦੀਆਂ ਤੋਂ ਸਤਾਇਆ ਹੋਇਆ ਸਮਾਜ ਵੱਧ ਫੁੱਲ ਰਿਹਾ ਹੈ ਅਤੇ ਉੱਚੇ ਅਹੁਦਿਆਂ ‘ਤੇ ਵਿਰਾਜਮਾਨ ਹੈ। ਉਹਨਾਂ ਬਾਬਾ ਸਾਹਿਬ ਦੇ ਸੰਦੇਸ਼ ਪੜ੍ਹੋ, ਜੁੜੇ ਤੇ ਸੰਘਰਸ਼ ਕਰੋ ਦਾ ਜਿਕਰ ਕਰਦਿਆਂ ਕਿਹਾ ਕਿ ਪੜ੍ਹਿਆ ਲਿਖਿਆ ਸਮਾਜ ਹੀ ਆਪਣੇ ਹੱਕਾਂ ਲਈ ਸੰਘਰਸ਼ ਕਰ ਸਕਦਾ ਹੈ। ਇਸ ਲਈ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਇਆ ਜਾਵੇ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਰੱਖਿਆ ਜਾਵੇ। ਧੀਰਜ ਬਸਰਾ ਨੇ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਸਮੇਤ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਬਾਬਾ ਸਾਹਿਬ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ। ਇਸ ਮੌਕੇ ਸਾਬਕਾ ਕੌਂਸਲਰ ਪੂਰਨਿਮਾ ਬੋਧ, ਮੇਜਰ ਬਸਰਾ, ਜਗਜੀਵਨ ਕੁਮਾਰ, ਸੰਦੀਪ ਕੁਮਾਰ, ਸਨੀ ਸੁਮਨ, ਬਲਵੀਰ ਬਸਰਾ, ਨਿੱਕਾ ਚੱਕੀ ਵਾਲਾ, ਹਰਕਿਸ਼ਨ ਤੋਂ ਇਲਾਵਾ ਸਮੂਹ ਮੁਹੱਲਾ ਨਿਵਾਸੀ ਹਾਜਰ ਸਨ।