ਫ਼ਗਵਾੜਾ-ਅੰਮ੍ਰਿਤਸਰ 19 ਮਾਰਚ (ਪ੍ਰੀਤ ਕੌਰ ਪ੍ਰੀਤੀ) ਪੰਜਾਬ ਸਰਕਾਰ ਪੰਜਾਬ ਵਾਸੀਆਂ ਨੂੰ ਘਰ ਬੈਠੇ ਬਿਠਾਏ ਸਹੂਲਤਾਂ ਦੇਣ ਦੇ ਦਾਵੇ ਅਤੇ ਵਾਅਦੇ ਤਾਂ ਕਰ ਰਹੀ ਹੈ ਪਰ ਥਾਣਿਆਂ ਤੋਂ ਪਾਸਪੋਰਟ ਵੈਰੀਫਿਕੇਸ਼ਨ ਕਈ ਕਈ ਦਿਨ ਨਾ ਹੋਣ ਦੇ ਚੱਲਦਿਆਂ ਸਰਕਾਰ ਅਤੇ ਸਰਕਾਰੀ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਕਾਰਨ ਇਹ ਵੀ ਹੈ ਕਿ ਸਾਂਝ ਕੇਂਦਰ ਦੇ ਨਾਲ ਸਬੰਧਤ ਹੋਣ ਵਾਲੀਆਂ ਵੈਰੀਫਿਕੇਸ਼ਨਾਂ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਦੀ ਆਏ ਦਿਨੀਂ ਸ਼ਹਿਰੋਂ ਬਾਹਰ ਦੂਸਰੇ ਜਿਲਿਆਂ ਵਿੱਚ,ਵੀਆਈਪੀ ਜਾਂ ਹੋਰ ਡਿਊਟੀਆਂ ਤੇ ਲਗਾਉਣ ਦੇ ਚੱਲਦਿਆਂ ਜਿਲਾ ਅੰਮ੍ਰਿਤਸਰ ਦੇ ਵਿੱਚ ਕਰੀਬ 3 ਹਜ਼ਾਰ ਤੋਂ ਵੱਧ ਪਾਸਪੋਰਟ ਦਫਤਰ ਤੋਂ ਪੁਲਿਸ ਥਾਣਿਆਂ ਵਿੱਚ ਆਉਣ ਵਾਲੀਆਂ ਵੈਰੀਫਿਕੇਸ਼ਨਾਂ ਦੀਆਂ ਫਾਈਲਾਂ ਦੇ ਅੰਬਾਰ ਲੱਗ ਰਹੇ ਹਨ। ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਇਸ ਦੇ ਨਾਲ ਨਾਲ ਲੋਕਾਂ ਨੂੰ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਵੀ ਸਮੇਂ ਸਿਰ ਨਹੀਂ ਮਿਲ ਰਹੇ ਹਨ। ਸਹੀ ਮਾਇਨੇ ਵਿੱਚ ਅਗਰ ਪੰਜਾਬ ਸਰਕਾਰ ‘ਸਰਕਾਰ ਆਪਕੇ ਦੁਆਰ’ ਦੇ ਵਾਅਦੇ ਅਤੇ ਦਾਅਵੇ ਪੂਰੇ ਕਰਨ ਵਿੱਚ ਤਾਂ ਹੀ ਕਾਮਯਾਬ ਹੋਵੇਗੀ ਅਗਰ ਜਨਤਾ ਨੂੰ ਬਿਨਾਂ ਦੇਰੀ ਅਤੇ ਖੱਜਲ ਖੁਆਰੀ ਤੋਂ ਬਗੈਰ ਹੀ ਸਰਕਾਰੀ ਕੰਮਾਂ ਦੀਆਂ ਸਹੂਲਤਾਂ ਬਿਨਾਂ ਮੁਸ਼ਕਿਲਾਂ ਦੇ ਨਸੀਬ ਹੋਣਗੀਆਂ। ਲੋਕਾਂ ਨੂੰ ਸਹੂਲਤਾਂ ਦੇਣ ਵਾਲੀਆਂ ਕੁਰਸੀਆਂ ਉੱਪਰ ਬਿਰਾਜਮਾਨ ਹੋਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਵੱਖ-ਵੱਖ ਜਗ੍ਹਾ ‘ਤੇ ਤੈਨਾਤ ਕਰਨ ਦੀ ਜਗ੍ਹਾ ਉਹਨਾਂ ਨੂੰ ਆਪਣੇ ਆਪਣੇ ਕੰਮਾਂ ਵਿੱਚ ਧਿਆਨ ਕੇਂਦਰਿਤ ਕਰਨ ਲਈ ਹੀ ਡਿਊਟੀ ‘ਤੇ ਲਗਾਇਆ ਜਾਵੇ। ਤਾਂ ਕਿ ਪਬਲਿਕ ਨੂੰ ਇਹ ਲੱਗੇ ਕਿ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਪ੍ਰੋਗਰਾਮ ‘ਸਰਕਾਰ ਆਪਕੇ ਦੁਆਰ’ ਸਫਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ।