ਅੰਮ੍ਰਿਤਸਰ ( ਪ੍ਰੀਤੀ ਜੱਗੀ ) ਸ਼ਹਿਰ ਵਿੱਚ ਲੋਕਾਂ ਨੂੰ ਨਿਰੰਤਰ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਅੰਮ੍ਰਿਤਸਰ ਬਲਕ ਵਾਟਰ ਸਪਲਾਈ (ਏ.ਬੀ.ਡਬਲਿਊ.ਐੱਸ.ਐੱਸ.) ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਪੰਜਾਬ ਮਿਊਂਸੀਪਲ ਇੰਫਰਾਸਟ੍ਰਕਚਰ ਡਿਵੈਲਪਮੈਂਟ ਕੰਪਨੀ (ਪੀ.ਐੱਮ.ਆਈ.ਡੀ.ਸੀ.) ਦੀ ਸੀ.ਈ.ਓ. ਦੀਪਤੀ ਉੱਪਲ ਆਈ.ਏ.ਐੱਸ. ਵੱਲੋਂ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ। ਸੀ.ਈ.ਓ. ਵੱਲੋਂ ਪ੍ਰੋਜੈਕਟ ਦੇ ਤਹਿਤ ਵੱਲਾ ਦੇ ਨੇੜੇ ਬਣਾਏ ਜਾ ਰਹੇ ਆਧੁਨਿਕ ਵਾਟਰ ਟਰੀਟਮੈਂਟ ਪਲਾਂਟ ਵਿੱਚ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ, ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ,ਪ੍ਰੋਜੈਕਟ ‘ਤੇ ਕੰਮ ਕਰ ਰਹੀ ਲਾਰਸਨ ਐਂਡ ਟੂਬਰੋ ਕੰਪਨੀ ਦੀ ਉੱਤਰ-ਪੱਛਮੀ ਭਾਰਤ ਦੀ ਸੈਗਮੈਂਟ ਹੈਡ ਜ੍ਯੋਤਸਨਾ ਗੌਤਮ,ਅੰਮ੍ਰਿਤਸਰ ਕਲਸਟਰ ਦੇ ਹੈਡ ਸੁਰੇਸ਼ ਸ਼ਰਮਾ,ਪ੍ਰੋਜੈਕਟ ਡਾਇਰੈਕਟਰ ਸੰਜੈ ਕੁਮਾਰ, ਨਗਰ ਨਿਗਮ ਤੋਂ ਐਕਸੀਅਨ ਜਤਿਨ ਵਾਸੁਦੇਵਾ, ਕੁਲਦੀਪ ਸਿੰਘ ਸੈਣੀ (ਰੀਟਾਇਰਡ ਚੀਫ ਇੰਜੀਨੀਅਰ), ਪ੍ਰੋਜੈਕਟ ਮੈਨੇਜਰ ਨਾਲ ਵਿਸਥਾਰ ਨਾਲ ਪ੍ਰੋਜੈਕਟ ਸਬੰਧੀ ਮੀਟਿੰਗ ਕੀਤੀ ਗਈ। ਇਸ ਦੌਰਾਨ ਨਿਗਮ ਕਮਿਸ਼ਨਰ ਵੱਲੋਂ ਪ੍ਰੋਜੈਕਟ ਵਿੱਚ ਹੁਣ ਤੱਕ ਹੋਈ ਪ੍ਰਗਤੀ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਕੰਪਨੀ ਵੱਲੋਂ ਸਮੇਂ ‘ਤੇ ਕੰਮ ਪੂਰਾ ਨਾ ਕਰ ਸਕਣ ਦੇ ਕਾਰਨਾਂ ਬਾਰੇ ਵੀ ਚਰਚਾ ਕੀਤੀ ਗਈ।
ਸੀ.ਈ.ਓ.ਵੱਲੋਂ ਕਮਿਸ਼ਨਰ, ਐਡੀਸ਼ਨਲ ਕਮਿਸ਼ਨਰ, ਐਲ ਐਂਡ ਟੀ ਕੰਪਨੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲ ਕੇ ਨਿਰਮਾਣਧੀਨ ਵਾਟਰ ਟਰੀਟਮੈਂਟ ਪਲਾਂਟ, ਅਪਰ ਬਾਰੀ ਦੋਆਬ ਨਹਿਰ ਉੱਤੇ ਪਲਾਂਟ ਨੂੰ ਪਾਣੀ ਦੀ ਸਪਲਾਈ ਲਈ ਬਣਾਏ ਜਾ ਰਹੇ ਆਫ-ਟੇਕ ਚੈਂਬਰ, ਐਸ.ਐਸ.ਪੀ. ਦੇਹਾਤੀ ਪੁਲਿਸ ਦੇ ਦਫਤਰ ਕੋਲ ਬਣ ਰਹੀ ਪਾਣੀ ਦੀ ਟੈਂਕੀ, ਫਤਿਹਗੜ੍ਹ ਚੂੜੀਆਂ ਰੋਡ, ਸਰਕੁਲਰ ਰੋਡ ਅਤੇ ਰਣਜੀਤ ਐਵਿਨਿਊ ਵਿੱਚ ਵਿੱਚ ਪਾਈ ਗਈ ਪਾਈਪ ਲਾਈਨ ਦੇ ਕੰਮ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਸੀ.ਈ.ਓ. ਪੀ.ਐੱਮ.ਆਈ.ਡੀ.ਸੀ. ਵੱਲੋਂ ਕੰਪਨੀ ਅਧਿਕਾਰੀਆਂ ਨੂੰ ਸਖਤ ਹੁਕਮ ਦਿੰਦਿਆਂ ਕਿਹਾ ਗਿਆ ਕਿ ਜਿਨ੍ਹਾਂ ਸੜਕਾਂ ‘ਤੇ ਪਾਈਪ ਲਾਈਨ ਪਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਉਨ੍ਹਾਂ ਦੀ ਮੁਰੰਮਤ ਜਲਦੀ ਤੋਂ ਜਲਦੀ ਕੀਤੀ ਜਾਵੇ। ਕੰਪਨੀ ਵੱਲੋਂ ਪਲਾਂਟ ਲਈ ਮਕੈਨਿਕਲ ਉਪਕਰਣਾਂ ਦੀ ਖਰੀਦਾਰੀ ਵੀ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ ਅਤੇ ਮਜ਼ਦੂਰਾਂ ਦੀ ਗਿਣਤੀ ਵਧਾਈ ਜਾਵੇ ਤਾਂ ਜੋ ਕੰਮ ਦੀ ਗਤੀ ਤੇਜ਼ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਕੰਪਨੀ ਵੱਲੋਂ ਕੰਮ ਪੂਰਾ ਕਰਨ ਲਈ ਜੋ ਵੀ ਟਾਈਮਲਾਈਨ ਦਿੱਤੀ ਗਈ ਹੈ, ਉਸਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ ਅਤੇ ਨਿਗਮ ਦੇ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਸਾਰੇ ਕੰਮ ਨਿਰਧਾਰਿਤ ਸਮੇਂ ਦੇ ਅੰਦਰ ਮੁਕੰਮਲ ਹੋਣ। ਇਸ ਮੌਕੇ ਤੇ ਨਰਿੰਦਰਪਾਲ ਸਿੰਘ,ਅਜੈ ਗਰਗ,ਸ਼ਿਵ ਕੁਮਾਰ ਸੋਨੀ, ਗਿਰਿਰਾਜ ਸਿੰਘ ਹਾਡਾ,ਰਣਜੀਤ ਸਿੰਘ, ਅਸ਼ਵਨੀ ਕੁਮਾਰ ਆਦਿ ਵੀ ਮੌਜੂਦ ਸਨ।