ਪਟਿਆਲਾ ਜ਼ਿਲ੍ਹੇ ‘ਚ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2’ ਦੇ ਬਲਾਕ ਪੱਧਰੀ ਮੁਕਾਬਲੇ ਹੋਏ ਸ਼ੁਰੂ
-ਪਹਿਲੇ ਦਿਨ ਬਲਾਕ ਪੱਧਰੀ ਖੇਡਾਂ ‘ਚ 1500 ਦੇ ਕਰੀਬ ਖਿਡਾਰੀਆਂ ਨੇ ਲਿਆ ਹਿੱਸਾ
-ਪਟਿਆਲਾ ਸ਼ਹਿਰੀ, ਪਾਤੜਾਂ, ਰਾਜਪੁਰਾ, ਸਨੌਰ ਅਤੇ ਨਾਭਾ ਬਲਾਕ ਦੇ ਹੋਏ ਦਿਲਚਸਪ ਮੁਕਾਬਲੇ
ਪਟਿਆਲਾ, 1 ਸਤੰਬਰ (ਮਨਪ੍ਰੀਤ ਸਿੰਘ ਅਰੋੜਾ) ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੇ ਅੱਜ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਮੁਕਾਬਲੇ ਸ਼ੁਰੂ ਹੋਏ। ਪਹਿਲੇ ਦਿਨ ਦੀਆਂ ਖੇਡਾਂ ਵਿੱਚ ਵੱਖ-ਵੱਖ ਉਮਰ ਵਰਗ ਵਿੱਚ (ਅੰਡਰ-14, ਅੰਡਰ-17, ਅੰਡਰ-21, ਉਮਰ ਵਰਗ 21-30, ਉਮਰ ਵਰਗ 31-40, ਉਮਰ ਵਰਗ 41-55, ਉਮਰ ਵਰਗ 56-65 ਅਤੇ 65 ਸਾਲ ਤੋਂ ਉਪਰ) ਦੇ ਕਰੀਬ 1500 ਖਿਡਾਰੀ ਅਤੇ ਖਿਡਾਰਨਾਂ ਨੇ ਹਿੱਸਾ ਲਿਆ।
ਬਲਾਕ ਰਾਜਪੁਰਾ ਵਿਖੇ ਐਮ.ਐਲ.ਏ. ਰਾਜਪੁਰਾ ਸ੍ਰੀਮਤੀ ਨੀਨਾ ਮਿੱਤਲ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਖੇਡ ਸਭਿਆਚਾਰ ਪੈਦਾ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਐਸ.ਡੀ.ਐਮ ਪਰਲੀਨ ਕੌਰ ਬਰਾੜ ਵੀ ਮੌਜੂਦ ਰਹੇ। ਬਲਾਕ ਨਾਭਾ ਵਿਖੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਵਾਲਾ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਦੇ ਹੋਏ ਚੰਗਾ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾ ਦਿੱਤੀਆਂ। ਇਸ ਮੌਕੇ ਐਸ.ਡੀ.ਐਮ ਤਰਸੇਮ ਚੰਦ ਵੀ ਮੌਜੂਦ ਸਨ। ਇਸੇ ਤਰ੍ਹਾਂ ਬਲਾਕ ਪਾਤੜਾਂ ਵਿਖੇ ਸ੍ਰੀ ਗੁਰਮੀਤ ਸਿੰਘ, ਬਲਾਕ ਸਨੌਰ ਵਿਖੇ ਸ੍ਰੀ ਅਮਨਦੀਪ ਸਿੰਘ ਢਿੱਲੋਂ ਪਠਾਣਮਾਜਰਾ ਅਤੇ ਸ੍ਰੀ ਪਰਦੀਪ ਸਿੰਘ ਢਿੱਲੋਂ ਪਠਾਣਮਾਜਰਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਪਹਿਲੇ ਦਿਨ ਦੇ ਹੋਏ ਮੁਕਾਬਲਿਆਂ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਸ਼ਹਿਰੀ ਬਲਾਕ ਵਿੱਚ ਖੋ-ਖੋ ਗੇਮ ਵਿੱਚ ਅੰਡਰ-14 ਲੜਕੀਆਂ ਵਿੱਚ ਪੋਲੋ ਗਰਾਊਂਡ ਪਟਿਆਲਾ ਦੀ ਟੀਮ ਨੇ ਵਿਕਟੋਰੀਆ ਸਕੂਲ ਪਟਿਆਲਾ ਨੂੰ 17-01 ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਅੰਡਰ-14 ਲੜਕਿਆਂ ਵਿੱਚ ਵਜੀਦਪੁਰ ਸਕੂਲ ਦੀ ਟੀਮ ਨੇ ਫ਼ੀਲਖ਼ਾਨਾ ਸਕੂਲ ਦੀ ਟੀਮ ਨੂੰ 13-07 ਦੇ ਫ਼ਰਕ ਨਾਲ ਹਰਾਇਆ। ਅੰਡਰ-14 ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖੂਪੁਰ ਨੇ ਪਹਿਲਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੇ ਕਬੱਡੀ ਨੈਸ਼ਨਲ ਸਟਾਈਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਮਾਜਰਾ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਨੈਸ਼ਨਲ ਸਟਾਈਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖੂਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਰਾਜਪੁਰਾ ਬਲਾਕ ਵਿੱਚ ਅੰਡਰ-14 ਕਬੱਡੀ ਨੈਸ਼ਨਲ ਸਟਾਈਲ ਵਿੱਚ ਲੜਕਿਆਂ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂੰਮਾਂ ਦੀ ਟੀਮ ਨੇ ਸਰਕਾਰੀ ਸਕੂਲ ਚੰਦੂਮਾਜਰਾ ਦੀ ਟੀਮ ਨੂੰ 23-11 ਨਾਲ ਹਰਾਇਆ। ਅੰਡਰ-21 ਲੜਕਿਆਂ ਵਿੱਚ ਮਾਣਕਪੁਰ ਸਕੂਲ ਨੇ ਐਨ.ਟੀ.ਸੀ. ਸਕੂਲ ਰਾਜਪੁਰਾ ਨੂੰ 25-20 ਦੇ ਫ਼ਰਕ ਨਾਲ ਹਰਾਇਆ। ਖੋ-ਖੋ ਗੇਮ ਵਿੱਚ ਅੰਡਰ 17 ਲੜਕੀਆਂ ਵਿੱਚ ਮੋਹੀਖੁਰਦ ਦੀ ਟੀਮ ਨੇ ਆਧਾਰਸ਼ੀਲਾ ਸਕੂਲ ਦੀ ਟੀਮ ਨੂੰ ਹਰਾਇਆ। ਅੰਡਰ-14 ਲੜਕਿਆਂ ਵਿੱਚ ਖਾਨਪੁਰ ਵੜਿੰਗ ਸਕੂਲ ਦੀ ਟੀਮ ਨੇ ਖੇੜੀ ਗੰਡਿਆ ਸਕੂਲ ਦੀ ਟੀਮ ਨੂੰ ਹਰਾਇਆ। ਵਾਲੀਬਾਲ ਗੇਮ ਵਿੱਚ ਅੰਡਰ-14 ਲੜਕਿਆਂ ਦੀ ਟੀਮ ਨੇ ਐਸ.ਡੀ.ਪਬਲਿਕ ਸਕੂਲ ਦੀ ਟੀਮ ਨੇ ਸਕਾਲਰ ਪਬਲਿਕ ਸਕੂਲ ਨੂੰ ਅਤੇ ਸਮਾਰਟ ਮਾਈਂਡ ਸਕੂਲ ਦੀ ਟੀਮ ਨੇ ਰਾਜਪੁਰਾ ਸਰਕਾਰੀ ਸਕੂਲ ਦੀ ਟੀਮ ਨੂੰ ਹਰਾਇਆ। ਅੰਡਰ-21 ਐਥਲੈਟਿਕਸ ਗੇਮ ਲੜਕੀਆਂ ਵਿੱਚ ਮੁਸਕਾਨ ਨੇ ਪਹਿਲਾ ਸਥਾਨ, ਨੇਹਾ ਸ਼ਰਮਾ ਨੇ ਦੂਸਰਾ ਸਥਾਨ ਅਤੇ ਕਿਰਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਪਾਤੜਾਂ ਬਲਾਕ ਵਿੱਚ ਫੁੱਟਬਾਲ ਗੇਮ ਵਿੱਚ ਅੰਡਰ-14 ਲੜਕੀਆਂ ਵਿੱਚ ਸਰਕਾਰੀ ਹਾਈ ਸਕੂਲ ਬਣਵਾਲਾ ਨੇ ਪਹਿਲਾ ਸਥਾਨ ਅਤੇ ਨਾਨਕਸਰ ਅਕੈਡਮੀ ਸੇਲਵਾਲਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਵਿੱਚ ਐਸ.ਕੇ.ਐਸ ਘੱਗਾ ਸਕੂਲ ਨੇ ਪਹਿਲਾ ਸਥਾਨ, ਹੈਲਕਿਸ ਪਾਤੜਾਂ ਸਕੂਲ ਨੇ ਦੂਸਰਾ ਸਥਾਨ ਅਤੇ ਨਾਨਕਸਰ ਅਕੈਡਮੀ ਸੇਲਵਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਰਕਲ ਸਟਾਈਲ ਕਬੱਡੀ ਅੰਡਰ 14 ਲੜਕੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਨੇ ਪਹਿਲਾ, ਆਦਰਸ਼ ਪਬਲਿਕ ਸਕੂਲ ਸ਼ੁਤਰਾਣਾ ਨੇ ਦੂਸਰਾ ਅਤੇ ਸਰਕਾਰੀ ਮਿਡਲ ਸਕੂਲ ਸ਼ੇਰਗੜ੍ਹ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ 17 ਲੜਕੀਆਂ ਵਿੱਚ ਆਦਰਸ਼ ਪਬਲਿਕ ਸਕੂਲ ਸ਼ੁਤਰਾਣਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਨਾਭਾ ਬਲਾਕ ਰੱਸਾ-ਕੱਸੀ ਗੇਮ ਵਿੱਚ ਅੰਡਰ-21 ਲੜਕੀਆਂ ਵਿੱਚ ਜੀਬੀਆਈਐਸ ਸਕੂਲ ਦੀ ਟੀਮ ਨੇ ਪਹਿਲਾ, ਨਿਊ ਇੰਡੀਅਨ ਸਕੂਲ ਦੀ ਟੀਮ ਨੇ ਦੂਸਰਾ ਸਥਾਨ ਅਤੇ ਬੀਏਏਜੀਐਸ ਛਿੰਟਾਵਾਲਾ ਸਕੂਲ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਵਿੱਚ ਜੀਬੀਆਈਐਸ ਨਾਭਾ ਸਕੂਲ ਦੀ ਟੀਮ ਨੇ ਪਹਿਲਾ, ਨਿਊ ਇੰਡੀਅਨ ਸਕੂਲ ਨੇ ਦੂਸਰਾ ਅਤੇ ਸਰਕਾਰੀ ਹਾਈ ਸਕੂਲ ਬਿਰੜਬਾਲ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਸਨੌਰ ਬਲਾਕ ਵਿੱਚ ਅੰਡਰ-17 ਲੜਕਿਆਂ ਵਿੱਚ ਫੁੱਟਬਾਲ ਗੇਮ ਵਿੱਚ ਬਹਾਦਰਗੜ੍ਹ ਦੀ ਟੀਮ ਨੇ ਜੋਗੀਪੁਰ ਦੀ ਟੀਮ ਨੂੰ 1-0 ਨਾਲ ਹਰਾਇਆ। ਅੰਡਰ-17 ਵਾਲੀਬਾਲ ਗੇਮ ਵਿੱਚ ਸਨੌਰ ਕਲੱਬ ਦੀ ਟੀਮ ਨੂੰ ਜੋਗੀਪੁਰ ਦੀ ਟੀਮ ਨੇ ਹਰਾਇਆ। ਅੰਡਰ-14 ਲੜਕਿਆਂ ਦੀ ਲੇਡੀ ਫਾਤਿਮਾ ਸਕੂਲ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ।