ਫਗਵਾੜਾ, 23 ਮਾਰਚ ( ਪ੍ਰੀਤੀ ਜੱਗੀ)-ਫਗਵਾੜਾ ਪੁਲਿਸ ਨੇ ਵੱਖ ਵੱਖ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਬਰਾਮਦ ਕਰਕੇ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਐੱਸ.ਪੀ. ਰੁਪਿੰਦਰ ਭੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਟੀ ਪੁਲਿਸ ਨੇ ਇੰਡਸਟਰੀਅਲ ਏਰੀਆ ਵਲੋਂ ਪੈਦਲ ਆ ਰਹੇ ਇੱਕ ਨੌਜਵਾਨ ਨੂੰ ਜਦੋਂ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਪਾਸੋਂ 53 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਜਿਸ ਸਬੰਧ ‘ਚ ਪੁਲਿਸ ਨੇ ਪਵਨ ਕੁਮਾਰ ਪੁੱਤਰ ਬਿੱਲਾ ਵਾਸੀ ਮੁਹੱਲਾ ਛੱਜ ਕਾਲੋਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਇਸੇ ਤਰ੍ਹਾਂ ਸਤਨਾਮਪੁਰਾ ਪੁਲਿਸ ਨੇ ਹਦੀਆਬਾਦ ਸਾਈਡ ਤੋਂ ਆ ਰਹੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਕਾਬੂ ਕੀਤੇ ਵਿਅਕਤੀ ਦੀ ਪਛਾਣ ਸ਼ਿੰਦਾ ਪੁੱਤਰ ਗੱਜੀ ਰਾਮ ਵਾਸੀ ਦਰਵੇਸ਼ ਪਿੰਡ ਵਜੋਂ ਹੋਈ ਹੈ | ਇਸੇ ਤਰ੍ਹਾਂ ਸਤਨਾਮਪੁਰਾ ਪੁਲਿਸ ਨੇ ਕ੍ਰਿਪਾਲਪੁਰ ਕਾਲੋਨੀ ਵਲੋਂ ਆ ਰਹੀ ਇੱਕ ਸਵਿਫ਼ਟ ਗੱਡੀ ਦੀ ਚੈਕਿੰਗ ਦੌਰਾਨ ਉਸ ‘ਚੋਂ 12 ਗ੍ਰਾਮ ਹੈਰੋਇਨ, 100 ਨਸ਼ੀਲੀਆਂ ਗੋਲੀਆਂ ਤੇ ਕਾਰ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ | ਕਾਬੂ ਕੀਤੇ ਵਿਅਕਤੀ ਦੀ ਪਛਾਣ ਬਲਵੀਰ ਕੁਮਾਰ ਉਰਫ਼ ਬੱਲੂ ਪੁੱਤਰ ਗਿਆਨ ਚੰਦ ਵਾਸੀ ਕ੍ਰਿਪਾਲਪੁਰ ਕਾਲੋਨੀ ਵਜੋਂ ਹੋਈ ਹੈ | ਇਸੇ ਤਰ੍ਹਾਂ ਰਾਵਲਪਿੰਡੀ ਪੁਲਿਸ ਨੇ ਪਿੰਡ ਬੇਲੀਪੁਰ ਪਾਂਸ਼ਟਾ ਵਲੋਂ ਪੈਦਲ ਆ ਰਹੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਕਾਬੂ ਕੀਤੇ ਵਿਅਕਤੀ ਦੀ ਪਛਾਣ ਰੋਹਿਤ ਮਹੇ ਪੁੱਤਰ ਪ੍ਰੇਮਚੰਦ ਵਾਸੀ ਖੇਰੜ ਬੱਸੀ ਅੱਛਰਵਾਲ ਥਾਣਾ ਮਾਹਿਲਪੁਰ ਵਜੋਂ ਹੋਈ ਹੈ |