ਲੁਧਿਆਣਾ, 10 ਅਪ੍ਰੈਲ:
ਨਗਰ ਨਿਗਮ ਵੱਲੋਂ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਖੁੱਲ੍ਹੀ ਡੰਪ ਸਾਈਟ ਨੂੰ ਹਟਾਉਣ ਦੇ ਕੰਮ ਦੌਰਾਨ, ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਿਵਲ ਹਸਪਤਾਲ ਦੇ ਪਿਛਲੇ ਪਾਸੇ (ਕ੍ਰਿਸ਼ਚਨ ਡੈਂਟਲ ਕਾਲਜ ਦੇ ਨੇੜੇ) ਸਥਾਪਤ ਕੀਤੀ ਸਟੈਟਿਕ ਕੰਪੈਕਟਰ ਸਾਈਟ ਦਾ ਬੁੱਧਵਾਰ ਨੂੰ ਮੁਆਇਨਾ ਕੀਤਾ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਈਟ ‘ਤੇ ਸਾਰੇ ਸਿਵਲ ਅਤੇ ਮਕੈਨੀਕਲ ਕੰਮ ਮੁਕੰਮਲ ਕਰ ਲਏ ਗਏ ਹਨ ਅਤੇ ਵੀਰਵਾਰ ਤੋਂ ਕੰਪੈਕਟਰ ਚਾਲੂ ਕਰ ਦਿੱਤੇ ਜਾਣਗੇ।
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਇਸ ਸਾਈਟ ਨੂੰ ਚਾਲੂ ਕਰਨ ਤੋਂ ਬਾਅਦ ਖੁੱਲ੍ਹੇ ਕੂੜੇ ਦੇ ਡੰਪ ਦੇ ਵੱਡੇ ਹਿੱਸੇ ਨੂੰ ਸਾਫ਼ ਕਰ ਦਿੱਤਾ ਜਾਵੇਗਾ। ਜਲਦੀ ਹੀ ਨਗਰ ਨਿਗਮ ਡਿਵੀਜ਼ਨ ਨੰਬਰ 3 ਥਾਣੇ ਦੇ ਨੇੜੇ ਸਟੈਟਿਕ ਕੰਪੈਕਟਰ ਸਾਈਟ ਨੂੰ ਵੀ ਚਾਲੂ ਕਰ ਦੇਵੇਗਾ, ਜਿਸ ਤੋਂ ਬਾਅਦ ਖੁੱਲ੍ਹੇ ਡੰਪ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ।
ਸੰਦੀਪ ਰਿਸ਼ੀ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਇਸ ਜਗ੍ਹਾ ‘ਤੇ ਸਫਾਈ ਮੁਹਿੰਮ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਜਗ੍ਹਾ ‘ਤੇ ਸੀਵਰੇਜ ਦੀ ਗਾਰ ਸੁੱਟਣਾ ਬੰਦ ਕਰਨ। ਇਸ ਥਾਂ ਤੋਂ ਖੁੱਲ੍ਹੇ ਡੰਪ ਨੂੰ ਹਟਾਏ ਜਾਣ ਤੋਂ ਬਾਅਦ ਇਲਾਕੇ ਵਿੱਚ ਕੋਈ ਵੀ ਬਦਬੂ ਨਹੀਂ ਆਵੇਗੀ ਅਤੇ ਸਿਵਲ ਹਸਪਤਾਲ ਦੇ ਆਲੇ-ਦੁਆਲੇ ਚੂਹਿਆਂ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਵੀ ਇਹ ਲਾਹੇਵੰਦ ਸਾਬਤ ਹੋਵੇਗਾ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਖੁੱਲ੍ਹੇ ਕੂੜੇ ਦੇ ਡੰਪਾਂ ਨੂੰ ਹਟਾਉਣ ਲਈ ਸ਼ਹਿਰ ਭਰ ਵਿੱਚ 22 ਥਾਵਾਂ ‘ਤੇ ਸਟੈਟਿਕ ਕੰਪੈਕਟਰ ਲਗਾਏ ਜਾ ਰਹੇ ਹਨ। ਕਈ ਕੰਪੈਕਟਰ ਸਾਈਟਾਂ ਪਹਿਲਾਂ ਹੀ ਚਾਲੂ ਹੋ ਚੁੱਕੀਆਂ ਹਨ।
ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਭਰ ਵਿੱਚ ਕੂੜੇ ਦੇ ਪ੍ਰਬੰਧਨ ਵਿੱਚ ਸੁਧਾਰ ਕਰਨ ਲਈ ਅਧਿਕਾਰੀਆਂ ਦਾ ਸਹਿਯੋਗ ਕਰਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ-ਵੱਖ ਕਰਕੇ ਕੂੜਾ ਇਕੱਠਾ ਕਰਨ ਵਾਲਿਆਂ ਨੂੰ ਸੌਂਪਣ ਅਤੇ ਕੂੜੇ ਨੂੰ ਖੁੱਲ੍ਹੇ ਸਥਾਨਾਂ/ਪਲਾਟਾਂ ਆਦਿ ਵਿੱਚ ਡੰਪ ਕਰਨਾ ਬੰਦ ਕਰਨ।
ਬੁੱਧਵਾਰ ਨੂੰ ਨਿਰੀਖਣ ਦੌਰਾਨ ਨਗਰ ਨਿਗਮ ਦੇ ਨਿਗਰਾਨ ਇੰਜਨੀਅਰ ਸੰਜੇ ਕੰਵਰ, ਐਸ.ਡੀ.ਓ ਬਲਜਿੰਦਰ ਸਿੰਘ ਆਦਿ ਵੀ ਮੌਜੂਦ ਸਨ