ਫਗਵਾੜਾ20 ਮਾਰਚ ( ਪ੍ਰੀਤੀ ਜੱਗੀ ) ਉਸਾਰੂ ਅਤੇ ਸਾਫ ਸੁਥਰੇ ਸਮਾਜ ਲਈ ਕਾਰਜਸ਼ੀਲ ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਵਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ੇਸ਼ ‘ਸ਼ਹੀਦੀ ਸੰਦੇਸ਼ ਸਫ਼ਰ’ ਦਾ ਆਯੋਜਨ ਕੇਂਦਰ ਦੇ ਪ੍ਰਧਾਨ ਰਵਿੰਦਰ ਸਿੰਘ ਰਾਏ ਅਤੇ ਡਾ. ਐਸ.ਪੀ. ਮਾਨ ਦੀ ਅਗਵਾਈ ਹੇਠ ਕੀਤਾ ਗਿਆ। ਇਹ ਯਾਤਰਾ ਵਰਿੰਦਰ ਨਗਰ ਫਗਵਾੜਾ ਤੋਂ ਆਰੰਭ ਹੋ ਕੇ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਪੁੱਜੀ। ਜਿੱਥੇ ਸ਼ਹੀਦ ਦੇ ਜੱਦੀ ਘਰ, ਉਸਦੇ ਵਰਤੇ ਹੋਏ ਭਾਂਡੇ, ਚਰਖਾ, ਮੰਜੇ, ਖੂਹੀ ਅਤੇ ਹੋਰ ਵਿਰਾਸਤੀ ਚੀਜਾਂ ਦੇ ਸ਼ਰਧਾ ਨਾਲ ਦਰਸ਼ਨ ਕੀਤੇ। ਸ਼ਹੀਦ ਦੇ ਬੰਗਾ ਰੋਡ ਵਿਖੇ ਬਣੇ ਸਮਾਰਕ ‘ਤੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇੱਥੇ ਵੀ ਸ਼ਹੀਦ ਭਗਤ ਸਿੰਘ ਨਾਲ ਜੁੜੀਆਂ ਵਸਤੁਆਂ ਅਤੇ ਲਿਖਤਾਂ ਦੇ ਦਰਸ਼ਨ ਕੀਤੇ। ਕੇਂਦਰ ਵਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਨਜਦੀਕ ਕਵੀ ਦਰਬਾਰ ਅਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿਚ ਲਵਪ੍ਰੀਤ ਸਿੰਘ ਰਾਏ, ਪਿ੍ਰੰਸ, ਯੁਵਰਾਜ ਤੋਂ ਇਲਾਵਾ ਪ੍ਰਧਾਨ ਰਵਿੰਦਰ ਸਿੰਘ ਰਾਏ, ਕਰਮਵੀਰ ਪਾਲ ਹੈੱਪੀ ਨੇ ਸ਼ਹੀਦ ਭਗਤ ਸਿੰਘ ਦੇ ਸੰਘਰਸ਼ਮਈ ਜੀਵਨ ‘ਤੇ ਅਧਾਰਤ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ। ਪ੍ਰਧਾਨ ਰਵਿੰਦਰ ਸਿੰਘ ਰਾਏ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਸ਼ਹੀਦਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਵਲੋਂ ਆਪਣੇ ਦੋ ਸਾਥੀਆਂ ਸੁਖਦੇਵ ਤੇ ਰਾਜਗੁਰੂ ਦੇ ਨਾਲ ਦਿੱਤੀ ਸ਼ਰਧਾਂਜਲੀ ਰਹਿੰਦੀ ਦੁਨੀਆ ਤੱਕ ਨੌਜਵਾਨਾਂ ਨੂੰ ਦੇਸ਼ ਕੌਮ ਲਈ ਜੀਊਣ ਤੇ ਮਰਨ ਦੀ ਪ੍ਰੇਰਣਾ ਦਿੰਦੀ ਰਹੇਗੀ। ਯਾਤਰਾ ਦੀ ਸਮਾਪਤੀ ਸਮੇਂ ਡਾ. ਐਸ.ਪੀ. ਮਾਨ ਨੇ ਸਮੂਹ ਮੈਂਬਰਾਂ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਸੈਣੀ, ਡਾ. ਸਾਗਰ ਸਿੰਘ, ਮਧੂ ਬਾਲਾ ਪਲਾਹੀ, ਚਰਨਜੀਤ ਕੌਰ, ਸਾਹਿਬ ਸਿੰਘ, ਹਰਲੀਨ ਕੌਰ, ਸੋਮਾ ਕੁਮਾਰੀ, ਖੁਸ਼ਪ੍ਰੀਤ ਕੌਰ ਰਾਏ ਆਦਿ ਹਾਜਰ ਸਨ।