ਦਿਵਿਆਂਗਜਨਾਂ ਨੂੰ ਸਵੈ-ਰੋਜ਼ਗਾਰ ਦੇ ਕਾਬਲ ਬਣਾਉਣ ਲਈ ਸਿਖਲਾਈ ਕੋਰਸ ਕਰਵਾਏ ਜਾਣਗੇ
-ਡਿਪਟੀ ਕਮਿਸ਼ਨਰ ਵੱਲੋਂ ਵਿਸ਼ੇਸ਼ ਸਿਖਲਾਈ ਕੋਰਸਾਂ ਦੀ ਰੂਪ ਰੇਖਾ ਉਲੀਕਣ ਸਬੰਧੀਂ ਮੀਟਿੰਗ
-ਕਿਹਾ ਦਿਵਿਆਂਗਜਨਾਂ ਦੀ ਭਲਾਈ ਲਈ ਪੰਜਾਬ ਸਰਕਾਰ ਵਚਨਬੱਧ
ਪਟਿਆਲਾ, 22 ਅਗਸਤ(ਮਨਪ੍ਰੀਤ ਸਿੰਘ ਅਰੋੜਾ) ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤਹਿਤ ਦਿਵਿਆਂਗਜਨਾਂ ਨੂੰ ਸਵੈ-ਰੋਜ਼ਗਾਰ ਦੇ ਕਾਬਲ ਬਣਾਉਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿਸ਼ੇਸ਼ ਸਿਖਲਾਈ ਕੋਰਸਾਂ ਦੀ ਰੂਪ ਰੇਖਾ ਉਲੀਕਣ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਦਿਵਿਆਂਗਜਨਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਸੇ ਲਈ ਪਟਿਆਲਾ ਜ਼ਿਲ੍ਹੇ ਅੰਦਰ ਅਜਿਹੇ ਨਾਗਰਿਕਾਂ ਨੂੰ ਸਵੈ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਲਈ ਉਪਰਾਲੇ ਵੱਡੀ ਪੱਧਰ ‘ਤੇ ਅਰੰਭੇ ਗਏ ਹਨ।
ਉਨ੍ਹਾਂ ਦੱਸਿਆ ਕਿ ਅਜਿਹੇ ਵਿਸ਼ੇਸ਼ ਲੋੜਾਂ ਵਾਲੇ ਨਾਗਰਿਕਾਂ ਲਈ ਸਰਕਾਰੀ ਅਤੇ ਗ਼ੈਰਸਰਕਾਰੀ ਨੌਕਰੀਆਂ ਵਿੱਚ 4 ਫ਼ੀਸਦੀ ਰਾਖਵਾਂ ਕਰਨ ਲਾਜਮੀ ਹੈ, ਇਸ ਲਈ ਦਿਵਿਆਂਗਜਨਾਂ ਨੂੰ ਇਨ੍ਹਾਂ ਲਈ ਰਾਖਵੀਆਂ ਅਸਾਮੀਆਂ ਉਪਰ ਨੌਕਰੀਆਂ ਦਿਵਾਉਣ ਲਈ ਇਨ੍ਹਾਂ ਨੂੰ ਲੋੜੀਂਦੀ ਯੋਗਤਾ ਪੂਰੀ ਕਰਵਾਉਣ ਲਈ ਵਿਸ਼ੇਸ਼ ਕੋਰਸ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਵੈ-ਰੋਜ਼ਗਾਰ ਲਈ ਇਛੁਕ ਦਿਵਿਆਂਗਜਨਾਂ ਦਾ ਡਾਟਾ ਇਕੱਤਰ ਕਰਕੇ ਇਸ ਦਾ ਮੁਲੰਕਣ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਕਿਰਨ ਕੁਮਾਰੀ, ਪਟਿਆਲਾ ਐਸੋਸੀਏਸ਼ਨ ਆਫ਼ ਡੈਫ ਤੋਂ ਜਗਦੀਪ ਸਿੰਘ ਤੇ ਟਰਾਂਸਲੇਟਰ ਰਵਿੰਦਰ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ, ਰੋਜ਼ਗਾਰ ਅਫ਼ਸਰ ਕੰਵਰਪ੍ਰੀਤ ਕੌਰ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀਈਓ ਸਤਿੰਦਰ ਸਿੰਘ, ਪੰਜਾਬ ਰਾਜ ਹੁਨਰ ਵਿਕਾਸ ਮਿਸ਼ਨ ਤੋਂ ਗਗਨਦੀਪ ਕੌਰ ਸਮੇਤ ਆਰਸੇਟੀ ਦੇ ਨੁਮਾਇੰਦਿਆਂ ਨੂੰ ਵਿਸ਼ੇਸ ਨਿਰਦੇਸ਼ ਜਾਰੀ ਕੀਤੇ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਜਿਹੜੇ ਦਿਵਿਆਂਗਜਨ ਸਵੈ ਰੋਜ਼ਗਾਰ ਲਹੀ ਵਿਸ਼ੇਸ਼ ਕੋਰਸ ਕਰਨ ਦੇ ਚਾਹਵਾਨ ਹੋਣਗੇ ਉਨ੍ਹਾਂ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ, ਆਰਸੇਟੀ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਦਸਤਕਾਰੀ ਅਤੇ ਸਵੈ ਰੋਜ਼ਗਾਰ ਦੇ ਕੋਰਸ ਕਰਵਾਏ ਜਾਣਗੇ।