ਡੀ.ਸੀ., ਨਗਰ ਨਿਗਮ ਕਮਿਸ਼ਨਰ ਨੇ ‘ਦਾਨ ਉਤਸਵ’ ਤਹਿਤ ‘ਵੰਡ ਮੁਹਿੰਮ’ ਦੀ ਕੀਤੀ ਸ਼ੁਰੂਆਤ; ਭਰਵੇਂ ਹੁੰਗਾਰੇ ਲਈ ਨਿਵਾਸੀਆਂ/ਐਨ.ਜੀ.ਓਜ਼ ਦੀ ਕੀਤੀ ਸ਼ਲਾਘਾ
‘ਦਾਨ ਉਤਸਵ’ ਦੌਰਾਨ ਵਸਨੀਕਾਂ ਵੱਲੋਂ 50,000 ਤੋਂ ਵੱਧ ਕੱਪੜੇ, 3000 ਖਿਡੌਣੇ, 2000 ਜੁੱਤੇ, 1200 ਬਿਸਤਰੇ, 800 ਬਰਤਨ, 2000 ਉਪਕਰਣ, ਕਰਿਆਨਾ, ਈ-ਵੇਸਟ ਆਦਿ ਦਾਨ ਕੀਤੇ ਗਏ
ਦਾਨ ਕੀਤੀਆਂ ਵਸਤੂਆਂ ਹੁਣ ਵੱਖ-ਵੱਖ ਐਨ.ਜੀ.ਓਜ਼ ਰਾਹੀਂ ਲੋੜਵੰਦ ਵਿਅਕਤੀਆਂ ਵਿੱਚ ਵੰਡੀਆਂ ਜਾਣਗੀਆਂ
ਲੁਧਿਆਣਾ, 21 ਅਕਤੂਬਰ (ਮਨਪ੍ਰੀਤ ਸਿੰਘ ਅਰੋੜਾ) ਸੂਬੇ ਵਿੱਚ ਆਪਣੀ ਕਿਸਮ ਦੇ ਵਲੱਖਣ ‘ਦਾਨ ਉਤਸਵ’ ਵਿੱਚ ਹਿੱਸਾ ਲੈਂਦੇ ਹੋਏ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ਨੀਵਾਰ ਨੂੰ ਇਨਡੋਰ ਸਟੇਡੀਅਮ (ਪੱਖੋਵਾਲ ਰੋਡ) ਵਿਖੇ ਆਯੋਜਿਤ ‘ਦਾਨ ਉਤਸਵ’ ਤਹਿਤ ‘ਵੰਡ ਮੁਹਿੰਮ’ ਦੀ ਸ਼ੁਰੂਆਤ ਕੀਤੀ।
ਨਗਰ ਨਿਗਮ ਵੱਲੋਂ ਸਿਟੀ ਨੀਡਜ਼ ਐਨ.ਜੀ.ਓ. ਦੇ ਸਹਿਯੋਗ ਨਾਲ ‘ਦਾਨ ਉਤਸਵ’ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਸ਼ਹਿਰ ਭਰ ਦੇ ਵਸਨੀਕ ਲੋੜਵੰਦਾਂ ਲਈ ਵਰਤੀਆਂ/ਪੁਰਾਣੀਆਂ ਵਸਤਾਂ/ਕੱਪੜੇ ਦਾਨ ਕਰਨ ਲਈ ਅੱਗੇ ਆਏ।
ਸ਼ਹਿਰ ਵਿੱਚ 23 ਕੁਲੈਕਸ਼ਨ ਸੈਂਟਰ ਸਥਾਪਿਤ ਕੀਤੇ ਗਏ ਸਨ ਅਤੇ 6 ਤੋਂ 10 ਅਕਤੂਬਰ ਤੱਕ ਪ੍ਰੋਗਰਾਮ ਦੇ ਤਹਿਤ ਇੱਕ ਵੱਡੀ ਸੰਗ੍ਰਹਿ/ਦਾਨ ਮੁਹਿੰਮ ਚਲਾਈ ਗਈ ਸੀ।
ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ (ਜੋਨ-ਡੀ) ਜਸਦੇਵ ਸਿੰਘ ਸੇਖੋਂ ਅਤੇ ਸਿਟੀ ਨੀਡਜ਼ ਐਨ.ਜੀ.ਓ. ਤੋਂ ਮਨੀਤ ਦੀਵਾਨ ਨੇ ਦੱਸਿਆ ਕਿ ‘ਦਾਨ ਉਤਸਵ’ ਨੂੰ ਭਰਵਾਂ ਹੁੰਗਾਰਾ ਮਿਲਿਆ ਕਿਉਂਕਿ ਵਸਨੀਕਾਂ, ਗੈਰ ਸਰਕਾਰੀ ਸੰਗਠਨਾਂ ਅਤੇ ਉਦਯੋਗਿਕ ਸੰਸਥਾਵਾਂ ਨੇ 50,000 ਤੋਂ ਵੱਧ ਕੱਪੜੇ, 3000 ਖਿਡੌਣੇ, 2000 ਜੁੱਤੇ, 1200 ਬਿਸਤਰੇ, 800 ਬਰਤਨ, 200 ਉਪਕਰਨ, ਕਰਿਆਨਾ, ਈ-ਵੇਸਟ ਆਦਿ ਦਾਨ ਕੀਤੇ। ਸ਼ਹਿਰ ਵਾਸੀਆਂ ਵੱਲੋਂ ਵਾਸ਼ਿੰਗ ਮਸ਼ੀਨਾਂ, ਵਰਤੇ ਗਏ ਫ਼ੋਨ, ਲੈਪਟਾਪ, ਐਲ.ਈ.ਡੀ. ਸਕਰੀਨਾਂ ਆਦਿ ਵੀ ਦਾਨ ਕੀਤੇ ਗਏ ਹਨ।
‘ਦਾਨ ਉਤਸਵ’ ਵਿੱਚ 40 ਤੋਂ ਵੱਧ ਸਕੂਲਾਂ, ਕਾਲਜਾਂ, ਉਦਯੋਗਿਕ ਸੰਸਥਾਵਾਂ, ਕਲੱਬਾਂ ਆਦਿ ਨੇ ਭਾਗ ਲਿਆ। ਸ਼ਨੀਵਾਰ ਨੂੰ ਵੰਡ ਸਮਾਰੋਹ ਲਈ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ, ਨਿਵਾਸੀਆਂ/ਐਨ.ਜੀ.ਓਜ਼ ਨੂੰ ਵੀ ਸੱਦਾ ਦਿੱਤਾ ਗਿਆ ਸੀ। ਸਮਾਗਮ ਦੌਰਾਨ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਦੇ ਮੈਂਬਰਾਂ, ਸਕੂਲ ਸਟਾਫ਼, ਵਲੰਟੀਅਰਾਂ ਆਦਿ ਨੂੰ ਵੀ ‘ਪ੍ਰਸ਼ੰਸਾ ਪੱਤਰ’ ਦੇ ਕੇ ਸਨਮਾਨਿਤ ਕੀਤਾ ਗਿਆ।
ਸੀ.ਆਈ.ਸੀ.ਯੂ., ਫੀਕੋ, ਯੂ.ਸੀ.ਪੀ.ਐਮ.ਏ., ਐਸੋਸੀਏਸ਼ਨ ਆਫ ਕੰਪਿਊਟਰ ਐਂਟਰਪ੍ਰੀਨਿਊਰਜ਼ (ਏ.ਸੀ.ਈ.), ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਸੇਵਾ ਟਰੱਸਟ, ਐਕਟ ਹਿਊਮਨ, ਵੂਮੈਨ ਨੇਕਸਟ ਡੋਰ, ਮਾਰਸ਼ਲ ਏਡ ਫਾਊਂਡੇਸ਼ਨ ਸਮੇਤ ਵੱਖ-ਵੱਖ ਐਸੋਸੀਏਸ਼ਨਾਂ ਅਤੇ ਐਨ.ਜੀ.ਓਜ਼. ‘ਦਾਨ ਉਤਸਵ’ ਦੀਆਂ ਭਾਈਵਾਲ ਐਨ.ਜੀ.ਓ. ਸਨ।
ਡੀ.ਸੀ. ਸੁਰਭੀ ਮਲਿਕ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ‘ਦਾਨ ਉਤਸਵ’ ਤਹਿਤ ਪਾਏ ਯੋਗਦਾਨ ਲਈ ਵਸਨੀਕਾਂ, ਵਿਦਿਆਰਥੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਾਨ ਕੀਤੀਆਂ ਵਸਤੂਆਂ ਹੁਣ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਰਾਹੀਂ ਲੋੜਵੰਦ ਵਿਅਕਤੀਆਂ ਵਿੱਚ ਵੰਡੀਆਂ ਜਾਣਗੀਆਂ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਵਿਅਕਤੀਆਂ ਲਈ ਵਰਤੀਆਂ/ਪੁਰਾਣੀਆਂ ਵਸਤੂਆਂ ਦਾਨ ਕਰਨ ਦੀ ਇਸ ਪ੍ਰਥਾ ਨੂੰ ਜਾਰੀ ਰੱਖਣ ਅਤੇ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਸਮਾਗਮ ਵੀ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਜਿਹੜੀਆਂ ਵਸਤੂਆਂ ਹੁਣ ਸਾਡੇ ਘਰਾਂ ਵਿੱਚ ਕੰਮ ਨਹੀਂ ਆਉਂਦੀਆਂ, ਉਹ ਦੂਜਿਆਂ ਲਈ ਸਹਾਈ ਹੋ ਸਕਦੀਆਂ ਹਨ ਅਤੇ ਲੋੜਵੰਦ ਵਿਅਕਤੀਆਂ ਦੇ ਚਿਹਰੇ ‘ਤੇ ਮੁਸਕਾਨ ਲਿਆ ਸਕਦੀਆਂ ਹਨ।