ਡੀ.ਬੀ.ਈ.ਈ. ਵਿਖੇ ਸਵੈ-ਰੋਜ਼ਗਾਰ ਲਈ ਰੱਖੜੀ ਮੇਕਿੰਗ ਵਰਕਸ਼ਾਪ ਆਯੋਜਿਤ , ਤਿਆਰ ਕੀਤੀਆਂ ਗਈਆਂ ਰੱਖੜੀਆਂ ਦੀ ਪ੍ਰਦਰਸ਼ਨੀ ਭਲਕੇ ਸਿਗਮਾ ਨਰਸਿੰਗ ਕਾਲਜ, ਗਿੱਲ ਰੋਡ ਵਿਖੇ ਲਗਾਈ ਜਾਵੇਗੀ – ਡਿਪਟੀ ਡਾਇਰੈਕਟਰ ਮਿਨਾਕਸ਼ੀ ਸ਼ਰਮਾ
ਲੁਧਿਆਣਾ, 28 ਅਗਸਤ (ਮਨਪ੍ਰੀਤ ਸਿੰਘ ਅਰੋੜਾ) ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ ਲੁਧਿਆਣਾ ਵਿਖੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦੀ ਅਗਵਾਈ ਹੇਠ ਸਵੈ-ਰੋਜ਼ਗਾਰ ਲਈ ਰੱਖੜੀ ਬਣਾਉਣ ਸਬੰਧੀ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ।
ਵਰਕਸ਼ਾਪ ਦੌਰਾਨ ਕੁੱਲ 53 ਪ੍ਰਾਰਥੀਆਂ ਵਲੋਂ ਸ਼ਮੂਲੀਅਤ ਕੀਤੀ ਗਈ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਿਲਰਗੰਜ, ਲੁਧਿਆਣਾ ਦੇ 27 ਅਤੇ ਐਮ.ਐਸ.ਡੀ.ਸੀ., ਗਿੱਲ ਰੋਡ, ਲੁਧਿਆਣਾ ਦੇ 26 ਵਿਦਿਆਰਥੀ ਸ਼ਾਮਲ ਸਨ। ਇਸ ਪ੍ਰੋਗਰਾਮ ਵਿੱਚ ਪ੍ਰਾਰਥੀਆਂ ਵਲੋਂ ਤਿਆਰ ਕੀਤੀਆਂ ਗਈਆਂ ਰੱਖੜੀਆਂ ਦੀ ਪ੍ਰਦਰਸ਼ਨੀ ਭਲਕੇ 29 ਅਗਸਤ ਨੂੰ ਸਥਾਨਕ ਸਿਗਮਾ ਨਰਸਿੰਗ ਕਾਲਜ, ਗਿੱਲ ਰੋਡ ਵਿਖੇ ਲਗਾਈ ਜਾਵੇਗੀ।
ਇਸ ਵਰਕਸ਼ਾਪ ਮੌਕੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਸ਼ਰਮਾ ਵਲੋਂ ਪ੍ਰਾਰਥੀਆਂ ਨੂੰ ਆਤਮ ਨਿਰਭਰ ਬਣਨ ਦੀ ਪ੍ਰੇਰਣਾ ਦਿੰਦੇ ਹੋਏ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰਨ ਅਤੇ ਆਪਣੇ ਆਪ ਨੂੰ ਆਉਣ ਵਾਲੇ ਭਵਿੱਖ ਵਿੱਚ ਪੈਰਾਂ ਸਿਰ ਖੜ੍ਹਾ ਹੋਣ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਸਵੈ-ਰੋਜ਼ਗਾਰ ਸਬੰਧੀ ਹੋਰ ਵੀ ਵਰਕਸ਼ਾਪ ਆਯੋਜਿਤ ਕੀਤੀਆਂ ਜਾਣਗੀਆਂ ਤਾਂ ਜੋ ਪ੍ਰਾਰਥੀਆਂ ਨੂੰ ਆਪਣਾ ਭਵਿੱਖ ਸਵਾਰਨ ਵਿੱਚ ਮਦਦ ਮਿਲ ਸਕੇ।