ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਅੰਦਰ ਕਿਸਾਨੀ ਨੂੰ ਲਾਹੇਵੰਦਾ ਬਣਾਉਣ ਲਈ ਵੱਧ ਤੋਂ ਵੱਧ ਐਫ.ਪੀ.ਓਜ ਬਣਾਉਣ ‘ਤੇ ਜ਼ੋਰ
-ਜ਼ਿਲ੍ਹਾ ਸਹਿਕਾਰੀ ਵਿਕਾਸ ਕਮੇਟੀ ਦੀ ਬੈਠਕ ਮੌਕੇ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਲਈ ਵਿਚਾਰਾਂ
-ਸਾਰੀਆਂ ਸਹਿਕਾਰੀ ਸਭਾਵਾਂ ਵਿਖੇ ਖੁੱਲ੍ਹਣਗੇ ਕਾਮਨ ਸਰਵਿਸ ਸੈਂਟਰ ਤੇ ਜਨ ਔਸ਼ਧੀ ਸੈਂਟਰ
ਪਟਿਆਲਾ, 26 ਸਤੰਬਰ ( ਮਨਪ੍ਰੀਤ ਸਿੰਘ ਅਰੋੜਾ) ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕਿਸਾਨੀ ਨੂੰ ਲਾਹੇਵੰਦਾ ਬਣਾਉਣ ਲਈ ਜ਼ਿਲ੍ਹੇ ਅੰਦਰ ਵੱਧ ਤੋਂ ਵੱਧ ਫਾਰਮਰਜ਼ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾਈਆਂ ਜਾਣ ਤਾਂ ਕਿ ਸਹਿਕਾਰਤਾ ਲਹਿਰ ਜਰੀਏ ਸਾਡੇ ਕਿਸਾਨ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਜਰੀਏ ਵੱਧ ਤੋਂ ਵੱਧ ਆਮਦਨ ਕਮਾ ਸਕਣ।
ਜ਼ਿਲ੍ਹਾ ਸਹਿਕਾਰੀ ਵਿਕਾਸ ਕਮੇਟੀ ਦੀ ਬਤੌਰ ਚੇਅਰਪਰਸਨ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਮੱਛੀ ਪਾਲਕਾਂ ਤੇ ਦੁੱਧ ਸਭਾਵਾਂ ਦੀਆਂ ਐਫ.ਪੀ.ਓਜ਼ ਬਣਾਉਣ ‘ਤੇ ਜੋਰ ਦਿੰਦਿਆਂ ਕਿਹਾ ਕਿ ਸਹਿਕਾਰੀ ਸਭਾਵਾਂ ਦੇ ਮੈਂਬਰ ਕਿਸਾਨਾਂ ਨੂੰ ਸੋਲਰ ਐਗਰੀਕਲਚਰ ਪੰਪ ਲਗਾਉਣ ਲਈ ਨਬਾਰਡ ਰਾਹੀਂ ਸਹਾਇਤਾ ਪ੍ਰਦਾਨ ਕੀਤੀ ਜਾਵੇ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪ੍ਰਾਇਮਰੀ ਸਹਿਕਾਰੀ ਸੁਸਾਇਟੀਆਂ ਨੂੰ ਆਰਥਿਕ ਤੌਰ ‘ਤੇ ਮਜਬੂਤ ਕਰਨ ਲਈ ਸਾਰੀਆਂ 264 ਸਹਿਕਾਰੀ ਸਭਾਵਾਂ ਵਿਖੇ ਕਾਮਨ ਸਰਵਿਸ ਸੈਂਟਰ ਅਤੇ ਜਨ ਔਸ਼ਧੀ ਸੈਂਟਰ ਖੋਲ੍ਹੇ ਜਾਣਗੇ। ਇਸ ਤੋਂ ਬਿਨ੍ਹਾਂ ਜ਼ਿਲ੍ਹੇ ਦੀਆਂ ਸਾਰੀਆਂ ਖੇਤੀਬਾੜੀ ਸਭਾਵਾਂ ਨੂੰ ਕੰਪਿਊਟਰਾਈਜ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਦੇ ਉਪ ਰਜਿਸਟਰਾਰ ਸਰਬੇਸ਼ਵਰ ਸਿੰਘ ਮੋਹੀ ਇਹ ਯਕੀਨੀ ਬਣਾਉਣਗੇ ਕਿ ਜ਼ਿਲ੍ਹੇ ਅੰਦਰ ਡੀ.ਏ.ਪੀ. ਅਤੇ ਯੂਰੀਆ ਸਾਰੇ ਮੈਂਬਰ ਕਿਸਾਨਾਂ ਤੱਕ ਜਰੂਰ ਪੁੱਜ ਜਾਵੇ ਅਤੇ ਇਸ ਦੀ ਸਪਲਾਈ ਵੀ ਪਾਰਦਰਸ਼ੀ ਢੰਗ ਨਾਲ ਸਾਰੀਆਂ ਸਹਿਕਾਰੀ ਸਭਾਵਾਂ ਤੱਕ ਯਕੀਨੀ ਹੋਵੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਸਹਿਕਾਰੀ ਬੈਂਕਾਂ ਦੇ ਨੈਟਵਰਕ ਨੂੰ ਮਜ਼ਬੂਤ ਕਰਨ ਲਈ ਇਸਦੀਆਂ ਹੋਰ ਪਿੰਡਾਂ ਵਿੱਚ ਬ੍ਰਾਂਚਾਂ ਖੋਲ੍ਹੀਆਂ ਜਾਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਕੌਮੀ ਪੱਧਰ ਦੇ ਮਲਟੀ ਸਟੇਟ ਕੋਆਪ੍ਰੇਟਿਵ ਸੁਸਾਇਟੀ ਫਾਰ ਐਕਸਪੋਰਟ ਲਈ ਜ਼ਿਲ੍ਹੇ ਦੀ ਲੋਹ ਸਿੰਬਲੀ ਸੁਸਾਇਟੀ ਨੂੰ ਚੁਣਿਆ ਗਿਆ ਹੈ। ਜਦਕਿ ਇਸੇ ਮਦ ਤਹਿਤ ਸਰਟੀਫਾਈਡ ਸੀਡਜ਼ ਲਈ ਸ਼ੁਤਰਾਣਾ ਦੀ ਸੁਸਾਇਟੀ ਨੂੰ ਚੁਣਿਆ ਗਿਆ ਹੈ।
ਮੀਟਿੰਗ ‘ਚ ਏ.ਡੀ.ਸੀਜ ਜਗਜੀਤ ਸਿੰਘ ਤੇ ਅਨੁਪ੍ਰਿਤਾ ਜੌਹਲ, ਉਪ ਰਜਿਸਟਰਾਰ ਸਰਬੇਸ਼ਵਰ ਸਿੰਘ ਮੋਹੀ, ਨਬਾਰਡ ਤੋਂ ਪਰਵਿੰਦਰ ਕੌਰ ਨਾਗਰਾ, ਪੀ.ਐਸ.ਡਬਲਿਊ.ਸੀ ਤੋਂ ਨਿਰਮਲ ਸਿੰਘ, ਡੇਅਰੀ ਵਿਕਾਸ ਕੁਲਵਿੰਦਰ ਸਿੰਘ, ਮੱਛੀ ਪਾਲਣ ਤੋਂ ਵੀਰਪਾਲ ਕੌਰ ਜੌੜਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।