ਡਿਪਟੀ ਕਮਿਸ਼ਨਰ ਨੇ ਨਸ਼ਿਆਂ ਵਿਰੁੱਧ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਕਾਰਵਾਈ ਦਾ ਲਿਆ ਜਾਇਜ਼ਾ
-ਨਸ਼ਿਆਂ ਬਾਰੇ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਮਿਲਣ ਵਾਲੀ ਫੀਡਬੈਕ ‘ਤੇ ਤੁਰੰਤ ਹੁੰਦੀ ਹੈ ਕਾਰਵਾਈ: ਡਿਪਟੀ ਕਮਿਸ਼ਨਰ
-ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਲਗਾਏ ਜਾਣ ਜਾਗਰੂਕਤਾ ਕੈਂਪ : ਸਾਕਸ਼ੀ ਸਾਹਨੀ
-ਕਿਹਾ, ਨੌਜਵਾਨਾਂ ਨੂੰ ਖੇਡਾਂ, ਰੋਜ਼ਗਾਰ ਤੇ ਸਵੈ ਰੋਜ਼ਗਾਰ ਨਾਲ ਜੋੜਿਆ ਜਾਵੇ
-ਮੁੱਖ ਮੰਤਰੀ ਦੇ ਆਦੇਸ਼ਾਂ ਤਹਿਤ ਪਟਿਆਲਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਲਈ ਉਪਰਾਲਾ
ਪਟਿਆਲਾ, 22 ਅਗਸਤ (ਮਨਪ੍ਰੀਤ ਸਿੰਘ ਅਰੋੜਾ) ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਕੀਤੀ ਜਾ ਰਹੀ ਕਾਰਵਾਈ ਸਬੰਧੀ ਇੱਕ ਉੱਚ ਪੱਧਰੀ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਨਸ਼ਾ ਮੁਕਤੀ ਗਤੀਵਿਧੀਆਂ ਨੂੰ ਹੋਰ ਤੇਜ ਕੀਤਾ ਜਾਵੇ ਅਤੇ ਨਸ਼ਾਖੋਰੀ ‘ਤੇ ਕਾਬੂ ਪਾਉਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਸਾਂਝੇ ਯਤਨਾਂ ਨੂੰ ਜਮੀਨੀ ਪੱਧਰ ਤੱਕ ਲਿਜਾਇਆ ਜਾਵੇ, ਜਿਸ ਲਈ ਪੁਲਿਸ, ਖੇਡ ਵਿਭਾਗ, ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਸਾਕੇਤ ਤੇ ਸੀ.ਐਮ. ਦੀ ਯੋਗਸ਼ਾਲਾ ਸਮੇਤ ਹੋਰ ਵਿਭਾਗ ਇਕੱਠੇ ਹੋਕੇ ਪਿੰਡ ਪੱਧਰ ‘ਤੇ ਜਾਗਰੂਕਤਾ ਕੈਂਪ ਲਗਾਉਣ।
ਸਾਕਸ਼ੀ ਸਾਹਨੀ ਨੇ ਨਸ਼ਿਆਂ ਦੇ ਹਾਟ-ਸਪਾਟ ਵਜੋਂ ਪਛਾਣੇ ਪਿੰਡਾਂ ਤੇ ਹੋਰਨਾਂ ਇਲਾਕਿਆਂ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਕੇਂਦਰਿਤ ਕਰਦਿਆਂ ਕਿਹਾ ਕਿ ਅਜਿਹੇ ਖੇਤਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪੂਰੀ ਸਮਾਂ ਸਾਰਣੀ ਤਿਆਰ ਕਰਕੇ ਜਾਗਰੂਕਤਾ ਮੁਹਿੰਮ ਵੱਡੇ ਪੱਧਰ ‘ਤੇ ਅਰੰਭੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਤੇ ਸੋਸ਼ਲ ਮੀਡੀਆ ਸਮੇਤ ਹੋਰ ਕਿਸੇ ਵੀ ਸਾਧਨ ਰਾਹੀਂ ਨਸ਼ਾ ਵੇਚਣ ਜਾ ਨਸ਼ੇ ਸਬੰਧੀ ਕੋਈ ਸੂਚਨਾ ਮਿਲਦੇ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ ਤੇ ਪਿਛਲੇ ਦਿਨੀਂ ਆਈਆਂ ਖਬਰਾਂ ਸਬੰਧੀ ਵੀ ਕਾਰਵਾਈ ਰਿਪੋਰਟ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਕੇਤ ਹਸਪਤਾਲ ਵਿਖੇ 24 ਘੰਟੇ ਕਾਰਜਸ਼ੀਲ ‘ਸਹਿਯੋਗੀ ਹੈਲਪਲਾਈਨ 0175-2213385’ ਨੰਬਰ ਸਬੰਧੀ ਵੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਤਾਂ ਕਿ ਲੋੜਵੰਦ ਮਰੀਜ਼ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਕਰਨ ਸਮੇਤ ਇਲਾਜ ਨਾਲ ਸਬੰਧਤ ਸਲਾਹ ਮਸ਼ਵਰਾ ਕਰ ਸਕਣ। ਉਨ੍ਹਾਂ ਨੇ ਜ਼ਿਲ੍ਹੇ ਦੇ ਕਰੀਬ 165 ਪਿੰਡਾਂ ਤੇ 91 ਮੁਹੱਲੇ ਤੇ ਵਾਰਡ ਨੂੰ ਨਸ਼ਾ ਮੁਕਤ (ਨਸ਼ਿਆਂ ਦੀ ਵਿਕਰੀ ਤੋਂ ਰਹਿਤ) ਬਣਾਉਣ ਦੀ ਕਾਰਵਾਈ ਨੂੰ ਪੂਰੇ ਜ਼ਿਲ੍ਹੇ ਤੱਕ ਪਹੁੰਚਾਉਣ ਲਈ ਸਮੂਹ ਵਿਭਾਗਾਂ ਨੂੰ ਸਮਾਜ ਸੇਵੀ ਜਥੇਬੰਦੀਆਂ ਨਾਲ ਰਲਕੇ ਹੰਭਲਾ ਮਾਰਨ ਲਈ ਕਿਹਾ।
ਮੀਟਿੰਗ ਦੌਰਾਨ ਐਸ.ਪੀ. ਹਰਵੰਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਲਈ ਤਿੰਨ ਸੀ.ਏ.ਐਸ.ਓ ਓਪਰੇਸ਼ਨ ਮਿਤੀ 28 ਜੁਲਾਈ, 2 ਅਗਸਤ ਅਤੇ 19 ਅਗਸਤ ਨੂੰ ਕੀਤੇ ਗਏ ਹਨ ਤੇ ਪੁਲਿਸ ਵਿਭਾਗ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 1 ਜੁਲਾਈ 2023 ਤੋਂ 20 ਅਗਸਤ 2023 ਤੱਕ ਐਨ.ਡੀ.ਪੀ.ਐਸ. 15 ਕੇਸ ਦਰਜ ਕੀਤੇ ਗਏ ਹਨ ਤੇ 1 ਜਨਵਰੀ 2023 ਤੋਂ 20 ਅਗਸਤ 2023 ਤੱਕ 51 ਕਿਲੋ 290 ਗ੍ਰਾਮ ਅਫ਼ੀਮ, 1508 ਕਿਲੋ ਭੁੱਕੀ, 2 ਕਿਲੋ 460 ਗ੍ਰਾਮ ਸਮੈਕ, 3 ਲੱਖ 63 ਹਜ਼ਾਰ ਤੋਂ ਵਧੇਰੇ ਨਸ਼ੀਲੀਆ ਗੋਲੀਆਂ ਤੇ 35 ਹਜ਼ਾਰ ਨਸ਼ੀਲੇ ਕੈਪਸੂਲ ਬਰਾਮਦ ਸਮੇਤ 7 ਲੱਖ 52 ਹਜ਼ਾਰ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ 1 ਕਰੋੜ 64 ਲੱਖ 33 ਹਜ਼ਾਰ 504 ਰੁਪਏ ਦੀ ਪ੍ਰਾਪਰਟੀ ਸੀਜ ਕੀਤੀ ਗਈ ਹੈ ਤੇ 4 ਕਰੋੜ 58 ਲੱਖ 49 ਹਜ਼ਾਰ 567 ਰੁਪਏ ਦੀ ਪ੍ਰਾਪਟਰੀ ਸੀਜ਼ ਕਰਨ ਦੀ ਕਾਰਵਾਈ ਚੱਲ ਰਹੀ ਹੈ।