ਫਗਵਾੜਾ 26 ਮਾਰਚ ( ਪ੍ਰੀਤੀ ਜੱਗੀ ) ਡਾ. ਬੀ.ਆਰ ਅੰਬੇਡਕਰ ਜਨ ਚੇਤਨਾ ਵੈਲਫੇਅਰ ਸੁਸਾਇਟੀ ਫਗਵਾੜਾ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਪਹਿਲਾ ਖੂਨ ਦਾਨ ਕੈਂਪ ਮੁਹੱਲਾ ਪਲਾਹੀ ਗੇਟ ਫਗਵਾੜਾ ਵਿਖੇ ਸੁਸਾਇਟੀ ਦੇ ਪ੍ਰਧਾਨ ਅਸ਼ਵਨੀ ਬਘਾਣੀਆ ਦੀ ਅਗਵਾਈ ਹੇਠ ਲਗਾਇਆ ਗਿਆ। ਜਿਸ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਪਹੁੰਚੇ ਮੇਅਰ ਰਾਮਪਾਲ ਉੱਪਲ ਅਤੇ ਸਮਾਜ ਸੇਵਕ ਯਸ਼ਪਾਲ ਅਟਵਾਲ ਨੇ ਸਾਂਝੇ ਤੌਰ ਤੇ ਕੀਤਾ। ਉਹਨਾਂ ਤੋਂ ਇਲਾਵਾ ਸੀਨੀਅਰ ਆਪ ਆਗੂ ਦਲਜੀਤ ਸਿੰਘ ਰਾਜੂ ਦਰਵੇਸ਼ ਪਿੰਡ, ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਅਤੇ ਐਸ.ਐਚ.ਓ. ਸਿਟੀ ਗੌਰਵ ਧੀਰ ਨੇ ਵੀ ਕੈਂਪ ਦੌਰਾਨ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ। ਸਮੂਹ ਪਤਵੰਤਿਆਂ ਨੇ ਸ਼ਹੀਦਾਂ ਦੀਆਂ ਤਸਵੀਰਾਂ ‘ਤੇ ਫੁੱਲ ਅਰਪਣ ਕਰਦੇ ਹੋਏ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਮੇਅਰ ਰਾਮਪਾਲ ਉੱਪਲ ਅਤੇ ਯਸ਼ਪਾਲ ਅਟਵਾਲ ਨੇ ਕਿਹਾ ਕਿ ਭਾਰਤ ਦੀ ਆਜਾਦੀ ਲਈ ਜਾਨਾਂ ਵਾਰਨ ਵਾਲੇ ਮਹਾਨ ਸ਼ੂਰਵੀਰ ਯੋਧਿਆਂ ਦੀ ਯਾਦ ਨੂੰ ਸਮਰਪਿਤ ਕਰਕੇ ਖੂਨਦਾਨ ਕਰਨਾ ਵੀ ਦੇਸ਼ ਦੀ ਮਹਾਨ ਸੇਵਾ ਹੈ। ਉਹਨਾਂ ਨੇ ਖੂਨ ਦਾਨੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਸਰਟੀਫਿਕੇਟ ਵੰਡੇ। ਸੁਸਾਇਟੀ ਦੇ ਪ੍ਰਧਾਨ ਅਸ਼ਵਨੀ ਬਘਾਣੀਆ ਨੇ ਦੱਸਿਆ ਕਿ ਇਸ ਕੈਂਪ ਦੌਰਾਨ 25 ਯੁਨਿਟ ਖੂਨ ਇਕੱਤਰ ਕੀਤਾ ਗਿਆ ਹੈ। ਉਹਨਾਂ ਨੇ ਸਮੂਹ ਪਤਵੰਤਿਆਂ ਅਤੇ ਖੂਨਦਾਨੀਆਂ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਦੱਸਿਆ ਕਿ ਸੁਸਾਇਟੀ ਵਲੋਂ ਕੀਤੇ ਗਏ ਇਸ ਪਹਿਲੇ ਉਪਰਾਲੇ ਦੀ ਸਫਲਤਾ ਤੋਂ ਬਾਅਦ ਹੁਣ ਹੋਰ ਵੀ ਉਤਸ਼ਾਹ ਦੇ ਨਾਲ ਅਜਿਹੇ ਉਪਰਾਲੇ ਕੀਤੇ ਜਾਣਗੇ। ਸੁਸਾਇਟੀ ਵਲੋਂ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਪਰਮਿੰਦਰ ਬੋਧ, ਬਿਕਰਮ ਬਘਾਣੀਆ, ਬੱਬੀ ਮਹੰਤ, ਗੌਰੀ ਮਹੰਤ, ਰਾਕੇਸ਼ ਰਾਏ, ਬਲਵੀਰ ਬੈਂਸ, ਸ਼ਿਵਾ ਸੋਂਧੀ, ਜਤਿਨ ਰਾਜਪੂਤ, ਬੋਬੀ ਖਾਲਸਾ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।
ਤਸਵੀਰ ਸਮੇਤ।