ਲੁਧਿਆਣਾ, 3 ਮਈ (jasbir singh) – ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਕੋਈ ਵੀ ਵਿਅਕਤੀ ਬਿਨ੍ਹਾਂ ਠੋਸ ਵਜ੍ਹਾ ਜਾਂ ਬਹਾਨੇਬਾਜ਼ੀ ਨਾਲ ਚੋਣ ਡਿਊਟੀ ਤੋਂ ਛੋਟ ਮੰਗਦਾ ਪਾਇਆ ਗਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਸਖ਼ਤ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਲੋਕ ਨੁਮਾਇੰਦਗੀ ਐਕਟ 1951 ਦੀ ਧਾਰਾ 159 ਅਨੁਸਾਰ ਹਰੇਕ ਨਿਯੁਕਤ ਅਧਿਕਾਰੀ ਲਈ ਸਿਖਲਾਈ ਸੈਸ਼ਨਾਂ ਵਿੱਚ ਹਾਜ਼ਰ ਹੋਣਾ ਅਤੇ ਆਪਣੀਆਂ ਨਿਰਧਾਰਤ ਚੋਣ ਡਿਊਟੀਆਂ ਨਿਭਾਉਣਾ ਲਾਜ਼ਮੀ ਹੈ। ਇਹ ਕਾਨੂੰਨੀ ਵਿਵਸਥਾ ਯਕੀਨੀ ਬਣਾਉਂਦੀ ਹੈ ਕਿ ਸਾਰੇ ਅਧਿਕਾਰੀ ਚੋਣਾਂ ਦੇ ਨਿਰਵਿਘਨ ਅਤੇ ਨਿਰਪੱਖ ਸੰਚਾਲਨ ਲਈ ਯੋਗਦਾਨ ਪਾਉਣ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਜ਼ੋਰ ਦੇ ਕੇ ਕਿਹਾ ਕਿ ਚੋਣ ਡਿਊਟੀਆਂ ਤੋਂ ਛੋਟਾਂ ਫਜ਼ੂਲ ਜਾਂ ਬੇਬੁਨਿਆਦ ਆਧਾਰਾਂ ‘ਤੇ ਨਹੀਂ ਮੰਗੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਗੁੰਮਰਾਹਕੁੰਨ ਆਧਾਰ ‘ਤੇ ਇਨ੍ਹਾਂ ਡਿਊਟੀਆਂ ਤੋਂ ਬਚਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਵਿਰੁੱਧ ਵਿਭਾਗੀ ਦੇ ਨਾਲ-ਨਾਲ ਲੋਕ ਪ੍ਰਤੀਨਿਧਤਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਅਜਿਹੇ ਅਧਿਕਾਰੀ ਵੀ ਹੋ ਸਕਦੇ ਹਨ ਜੋ ਗੰਭੀਰ ਮੈਡੀਕਲ ਹਾਲਤਾਂ ਕਾਰਨ ਇਹ ਡਿਊਟੀਆਂ ਨਿਭਾਉਣ ਤੋਂ ਅਸਮਰੱਥ ਹਨ। ਇਹ ਯਕੀਨੀ ਬਣਾਉਣ ਲਈ ਕਿ ਸਿਰਫ ਅਸਲ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ, ਅਜਿਹੇ ਬਿਨੈਕਾਰਾਂ ਦੀ ਸਕਰੀਨਿੰਗ ਨੂੰ ਯਕੀਨੀ ਬਣਾਉਣ ਲਈ ਇੱਕ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਾਅਲੀ ਮੈਡੀਕਲ ਸਰਟੀਫਿਕੇਟ ਦੀ ਵਰਤੋਂ ਕਰਨ ਵਾਲੇ ਵਿਅਕਤੀ ਸਮੇਤ ਸਰਟੀਫਿਕੇਟ ਬਣਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਚੋਣ ਅਮਲੇ ਵੱਲੋਂ ਡਿਊਟੀ ਜੁਆਇਨ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਕਰਨ ਵਾਲੇ ਮੁਲਾਜ਼ਮਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਅਜਿਹੀ ਕੁਤਾਹੀ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ‘ਰਾਸ਼ਟਰੀ ਸੇਵਾ’ ਵਿੱਚ ਸ਼ਾਮਲ ਹੋਣ ਲਈ ਕਰਮਚਾਰੀਆਂ ਦੀ ਕਿਸੇ ਵੀ ਤਰ੍ਹਾਂ ਦੀ ਝਿਜਕ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਮਹਿਲਾ ਕਰਮਚਾਰੀ ਹੁਣ ਉਸੇ ਹਲਕੇ ਅੰਦਰ ਆਪਣੀ ਡਿਊਟੀ ਨਿਭਾਉਣ, ਲੌਜਿਸਟਿਕਲ ਚਿੰਤਾਵਾਂ ਨੂੰ ਦੂਰ ਕਰਨ ਅਤੇ ਚੋਣ ਪ੍ਰਕਿਰਿਆ ਵਿੱਚ ਆਪਣੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੀਆਂ ਹੱਕਦਾਰ ਹਨ। ਚੋਣਾਂ ਦੌਰਾਨ ਡਿਊਟੀ ਅਸਾਈਨਮੈਂਟ ਸਬੰਧੀ ਕਿਸੇ ਵੀ ਪੁੱਛਗਿੱਛ ਜਾਂ ਸਹਾਇਤਾ ਲਈ, ਕੋਈ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਸਰੀਨ ਦੇ ਕੋਰਟ ਰੂਮ 2 ਵਿੱਚ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰ ਸਕਦਾ ਹੈ।